ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ ਰਾਂਝਣਾ ਨਾਲ ਹੀ ਘਰੇ ਮੰਗਾਇਉ ਨੇ
ਲਾਹ ਮੁੰਦਰਾਂ ਜਟਾਂ ਮੁਨਾ ਸੁਟੀਆਂ ਸਿਰ ਸੋਹਣੀ ਪਗ ਬਨ੍ਹਾਇਉ ਨੇ
ਘਿਨ ਘਤ ਉਤੇ ਖੰਡ ਦੁੱਧ ਚਾਵਲ ਅੱਗੇ ਰਖ ਪਲੰਗ ਬਹਾਇਉ ਨੇ
ਯਾਅਕੂਬ ਦੇ ਪਿਆਰੜੇ ਪੁਤ ਵਾਂਗੂ ਕਢ ਖੂਹ ਥੀਂ ਤਖਤ ਬਹਾਇਉ ਨੇ
ਜਾ ਭਾਈਆਂ ਦੀ ਜੰਜ ਜੋੜ ਲਿਆਵੀਂ ਅੰਦਰ ਵਾੜ ਕੇ ਬਹੁਤ ਸਮਝਾਇਉ ਨੇ
ਨਾਲ ਦੇ ਲਾਗੀ ਖੁਸ਼ੀ ਹੋ ਸਭਨਾਂ ਤਰਫ ਘਰਾਂ ਦੇ ਓਸ ਪਹੁੰਚਾਇਉ ਨੇ
ਭਾਈਚਾਰੇ ਨੂੰ ਮੇਲ ਬਹਾਇਉ ਨੇ ਸਭੋ ਹਾਲ ਅਹਿਵਾਲ ਸੁਣਾਇਉ ਨੇ
ਦੇਖੋ ਦਜ਼ੇ ਦੇ ਫੰਦ ਲਾਇਉ ਨੇ ਧੀਉ ਮਾਰਨ ਦਾ ਮਤਾ ਪਕਾਇਉ ਨੇ
ਵਾਰਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ ਦੇਖ ਨਵਾਂ ਪਖੰਡ ਰਚਾਇਉ ਨੇ