ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ,
ਨਾ ਕੋਈ ਕੱਚਿਆਂ ਤੇ ਆਵੇ, ਨਾ ਕੋਈ ਸੜੈ ਵਿਚ ਥੱਲਾਂ,
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।
ਏਥੇ ਗੱਲੀਂ ਬਾਤੇ ਸਾਰੇ, ਤੋੜਦੇ ਨੇ ਤਾਰੇ,
ਜਾਨ ਰੱਖ ਕੇ ਸੁਖਾਲੀ ਚਾਹੁੰਦੇ ਲੱਗਣਾ ਕਿਨਾਰੇ,
ਪਹਿਲੇ ਆਸ਼ਕਾਂ ਦੇ ਵਾਂਗੂੰ, ਕੋਈ ਮਾਰਦਾ ਨਹੀਂ ਮੱਲਾਂ,
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।
ਜਿੰਨੀ ਮਰਜ਼ੀ ਖੁਆ ਲਉ ਹੱਥੀਂ ਕੁੱਟ ਕੁੱਟ ਚੂਰੀ,
ਲੋਕੀ ਵੇਖਦੇ ਨੀ ਸੱਜਣਾ ਤੋਂ ਪਾਉਣ ਲੱਗੇ ਦੂਰੀ,
ਕੀਤੇ ਉਮਰਾਂ ਦੇ ਵਾਅਦੇ, ਭੁਲ ਜਾਂਦੇ ਵਿਚ ਪਲਾਂ,
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।
ਵੇਖੋ ਅੱਜ ਕੱਲ ਇਹ ਤਾਂ ਸਭ ਦਿਲਾਂ ਦੇ ਭੁਲੇਖੇ,
ਏਥੇ ਕੋਈ ਨਹੀਂ ਲੁਆਉਂਦਾ ਜਿੰਦ ਕਿਸੇ ਦੇ ਵੀ ਲੇਖੇ,
ਸਭ ਲੱਗਦੀਆਂ ਗੁਜ਼ਰੇ ਜ਼ਮਾਨੇ ਦੀਆਂ ਗੱਲਾਂ,
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।