ਜਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਸਾਡੇ ਸਕੂਲ ਦੀ ਪ੍ਰਿੰਸੀਪਲ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਦਸ ਮਿੰਟ ਬਾਈਬਲ ਜ਼ਰੂਰ ਪੜ੍ਹਾਉਂਦੀ ਹੁੰਦੀ ਸੀ। ਇਕ ਦਿਨ ਉਨ੍ਹਾਂ ਕਹਾਣੀ ਸੁਣਾਈ 'ਟਾਵਰ ਔਫ਼ ਬੈਬਲ' ਦੀ। ਮੈਡਮ ਕਹਿਣ ਲੱਗੀ, ''''ਇਰਾਕ ਵਿਚ ਕੁੱਝ ਲੋਕ ਰੱਬ ਤਕ ਪਹੁੰਚਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਬਹੁਤ ਉੱਚੀ ਮੀਨਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਮੀਨਾਰ ਅਸਮਾਨ ਨੂੰ ਛੂੰਹਦੀ ਮਹਿਸੂਸ ਹੋਣ ਲੱਗੀ ਤਾਂ ਰੱਬ ਨੂੰ ਫ਼ਿਕਰ ਪੈ ਗਿਆ ਕਿ ਹੁਣ ਕੋਈ ਤਰਕੀਬ ਵਰਤਣੀ ਚਾਹੀਦੀ ਹੈ।
'' ''ਕਾਫ਼ੀ ਸੋਚ ਵਿਚਾਰ ਤੇ ਬਾਅਦ ਰੱਬ ਨੂੰ ਇਕ ਤਰਕੀਬ ਲੱਭੀ, ਜਿਸ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੋਣਾ। ਉਸ ਨੇ ਜਾਦੂ ਨਾਲ ਰਾਤੋ ਰਾਤ ਸਭ ਕੰਮ 'ਤੇ ਲੱਗੇ ਬੰਦਿਆਂ ਦੀਆਂ ਬੋਲੀਆਂ ਬਦਲ ਦਿੱਤੀਆਂ। ਨਤੀਜੇ ਵਜੋਂ ਸਵੇਰੇ ਕੰਮ 'ਤੇ ਪਹੁੰਚੇ ਬੰਦਿਆਂ ਦੀ ਹਾਲਤ ਇਹ ਹੋ ਗਈ ਕਿ ਜਦੋਂ ਗਾਰਾ ਮੰਗਿਆ ਜਾਂਦਾ ਤਾਂ ਫੜਾਉਣ ਵਾਲਾ ਪੱਥਰ ਫੜਾ ਦਿੰਦਾ। ਇਕ ਦੂਜੇ ਦੀ ਬੋਲੀ ਦੀ ਸਮਝ ਨਾ ਆਉਣ ਕਰਕੇ ਪਹਿਲਾਂ ਉਹ ਗ਼ੁੱਸੇ ਹੋਣ ਲੱਗ ਪਏ ਤੇ ਫੇਰ ਲੜਾਈ ਕਰਨ ਲੱਗ ਪਏ। ਸੋ ਮੀਨਾਰ ਦਾ ਕੰਮ ਰੁਕ ਗਿਆ, ਪਰ ਸੰਸਾਰ ਵਿਚ ਅਲੱਗ ਅਲੱਗ ਕਿਸਮ ਦੀਆਂ ਬੋਲੀਆਂ ਹੋਂਦ ਵਿਚ ਆ ਗਈਆਂ।''
ਪੜ੍ਹਾਉਣ ਤੋਂ ਬਾਅਦ ਮੈਡਮ ਕਹਿਣ ਲੱਗੇ, ''ਤੁਸੀਂ ਬੋਲੋ ਮੈਂ ਸਮਝ ਜਾਂਦੀ ਹਾਂ। ਮੈਂ ਬੋਲਾਂ ਤਾਂ ਤੁਸੀਂ ਸਮਝ ਜਾਂਦੇ ਹੋ। ਪਰ ਇਕ ਭਾਸ਼ਾ ਹੈ, ਜੋ ਬਿਨਾਂ ਬੋਲਿਆਂ ਸਮਝ ਆ ਜਾਂਦੀ ਹੈ, ਤੇ ਉਹ ਹੈ ਪਿਆਰ ਦੀ। ਹੁਣ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਜਦੋਂ ਵੀ ਇਕ ਦੂਜੇ ਦੀ ਭਾਸ਼ਾ ਸਮਝ ਨਾ ਆ ਰਹੀ ਹੇਵੇ ਤਾਂ ਲੜਾਈ ਕਰਨ ਦੀ ਬਜਾਇ ਪਿਆਰ ਅਤੇ ਮਿਲਵਰਤਨ ਰੱਖੋ ਤਾਂ ਰੱਬ ਤੇ ਵੀ ਜਿੱਤ ਪ੍ਰਾਪਤ ਕਰ ਸਕਦੇ ਹੋ।''
ਇਸ ਕਹਾਣੀ ਵਿਚਲਾ ਬੋਲੀ ਬਾਰੇ ਗੂੜ੍ਹ ਗਿਆਨ ਮੈਨੂੰ ਓਦੋਂ ਉਕੱਾ ਹੀ ਸਮਝ ਨਹੀਂ ਸੀ ਆਇਆ। ਫਿਰ ਇਸਲਾਮ ਦੀ ਨੀਂਹ ਪੱਕਿਆਂ ਕਰਨ ਵਾਲਾ ਹਜ਼ਰਤ ਮੁਹੰਮਦ ਦਾ ਇਤਿਹਾਸ ਪੜ੍ਹਿਆ। ਲਿਖਿਆ ਸੀ ਕਿ ਕਿਵੇਂ ਉਨ੍ਹਾਂ ਨੂੰ ਮੰਨਣ ਵਾਲੇ ਈਰਾਨ ਤੇ ਯੂਨਾਨ ਵਰਗੀਆਂ ਭਾਰੀਆਂ ਤਹਿਜ਼ੀਬਾਂ 'ਤੇ ਵੀ ਛਾ ਗਏ ਸਨ। ਡੇਢ ਸੌ ਸਾਲ ਦੇ ਅੰਦਰ ਅੰਦਰ ਈਰਾਨ, ਚੀਨ, ਹਿੰਦੁਸਤਾਨ, ਮੱਧ ਏਸ਼ੀਆ, ਸਪੇਨ, ਅਫ਼ਰੀਕਾ ਤੇ ਫ਼ਰਾਂਸ ਦੇ ਬਾਰਡਰ ਤਕ ਫ਼ਤਹਿ ਪ੍ਰਾਪਤ ਕਰਨ ਤੋਂ ਬਾਅਦ ਹਜ਼ਰਤ ਉਮਰ ਨੂੰ ਪੁੱਛਿਆ ਗਿਆ ਕਿ ਫ਼ਤਹਿ ਕੀਤੇ ਸ਼ਹਿਰਾਂ ਦੀ ਬੋਲੀ ਵੱਖਰੀ ਹੈ ਤਾਂ ਕੀ ਇੱਥੇ ਅਰਬੀ ਜਾਰੀ ਕਰ ਦੇਣੀ ਚਾਹੀਦੀ ਹੈ? ਜਵਾਬ ਵਿਚ ਉਨ੍ਹਾਂ ਕਿਹਾ, ''ਬੋਲੀ ਤਾਂ ਅਪਣਾਓ ਪਰ ਲਿਪੀ ਆਪਣੀ ਜਾਰੀ ਕਰ ਦਿਓ।'' ਨਤੀਜੇ ਵਜੋਂ ਇਨ੍ਹਾਂ ਮੁਲਕਾਂ ਦੀ ਆਪਣੀ ਪਿਛਲੀ ਤਹਿਜ਼ੀਬ ਨਾਲ ਲਿਪੀ ਬਦਲਣ ਕਾਰਨ ਨਾਤਾ ਟੁੱਟ ਗਿਆ।
ਇਸ ਇਤਿਹਾਸ ਵਿੱਚੋਂ ਏਨਾ ਕੁ ਨਿਚੋੜ ਤਾਂ ਮੈਨੂੰ ਸਮਝ ਲੱਗ ਗਿਆ ਕਿ ਆਪਣੀ ਤਹਿਜ਼ੀਬ ਨਾਲੋਂ ਨਾਤਾ ਤੋੜਨ ਵਿਚ ਮਾਂ-ਬੋਲੀ ਤੋਂ ਟੁੱਟਣਾ ਹੀ ਬਥੇਰਾ ਹੁੰਦਾ ਹੈ।
ਫਿਰ ਮੈਨੂੰ ਬੱਚੇ ਦੀ ਮਾਨਸਿਕਤਾ ਬਾਰੇ ਪੜ੍ਹਨ ਦਾ ਮੌਕਾ ਮਿਲਿਆ। ਮਾਂ-ਬੋਲੀ ਦਾ ਬੱਚੇ ਦੇ ਵਧਦੇ ਦਿਮਾਗ਼ ਉੱਤੇ ਪੈਂਦੇ ਅਸਰ ਬਾਰੇ ਕੀਤੀਆਂ ਅਨੇਕ ਖੋਜਾਂ ਪੜ੍ਹਨ ਦਾ ਵੀ ਮੌਕਾ ਮਿਲਿਆ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਵੀ ਮੈਨੂੰ ਏਨਾ ਵਿਚਲਿਤ ਨਹੀਂ ਸੀ ਕੀਤਾ, ਜਿੰਨਾ ਕਿ ਭਾਸ਼ਾ-ਵਿਗਿਆਨੀਆਂ ਵੱਲੋਂ ਕੀਤੀ ਖੋਜ ਦਾ ਸਿੱਟਾ ਪੜ੍ਹ ਕੇ ਮੈਂ ਹੋ ਗਈ।
ਭਾਸ਼ਾ-ਵਿਗਿਆਨੀਆਂ ਨੇ ਅਮਰੀਕਾ, ਅਫ਼ਰੀਕਾ, ਆਸਟ੍ਰੇਲੀਆ ਤੇ ਏਸ਼ੀਆ ਵਿਚਲੀਆਂ ਕੁੱਝ ਭਾਸ਼ਾਵਾਂ ਦੀ ਮੌਤ ਦਾ ਐਲਾਨ ਕਰ ਦਿੱਤਾ ਹੈ ਤੇ ਕਾਫ਼ੀ ਹੋਰ ਭਾਸ਼ਾਵਾਂ ਦੇ ਦਰਦਨਾਕ ਅੰਤ ਬਾਰੇ ਆਗਾਹ ਵੀ ਕਰ ਦਿੱਤਾ ਹੈ।
1992 ਵਿਚ 'ਕਰੌਸ' ਨੇ ਆਪਣੀ ਖੋਜ ਦੇ ਆਧਾਰ 'ਤੇ ਇਹ ਦੱਸਿਆ ਕਿ 6,800 ਦੇ ਕਰੀਬ ਭਾਸ਼ਾਵਾਂ ਦੁਨੀਆ ਭਰ ਵਿਚ ਐਸ ਵੇਲੇ ਬੋਲੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਵਿੱਚੋਂ ਲਗਭਗ ਅੱਧੀਆਂ (ਪੰਜਾਹ ਪ੍ਰਤੀਸ਼ਤ) ਐਸੀਆਂ ਹਨ, ਜਿਹੜੀਆਂ ਖ਼ਤਮ ਹੋਣ ਦੇ ਕਿਨਾਰੇ ਹਨ। ਉਸ ਖੋਜੀ ਨੇ ਇਹ ਵੀ ਦੱਸਿਆ ਕਿ ਇਹ ਖ਼ਾਤਮਾ ਏਨੀ ਤੇਜ਼ੀ ਨਾਲ ਹੋ ਰਿਹਾ ਹੈ ਕਿ ਅੰਦਾਜ਼ਨ ਹਰ ਪੰਦਰੀਂ ਦਿਨੀਂ ਇਕ ਬੋਲੀ ਖ਼ਤਮ ਹੋਈ ਜਾ ਰਹੀ ਹੈ। ਇਸ ਖੋਜ ਦਾ ਜਿਹੜਾ ਸਭ ਤੋਂ ਖ਼ਤਰਨਾਕ ਹਿੱਸਾ ਸੀ, ਉਹ ਸੀ 'ਕਰੌਸ' ਦਾ ਇਹ ਕਹਿਣਾ ਕਿ ਚਾਲੀ੍ਹ ਪ੍ਰਤੀਸ਼ਤ ਹੋਰ ਬੋਲੀਆਂ ਅਗਲੇ ਪੰਜਾਹ ਸਾਲਾਂ ਵਿਚ ਖ਼ਤਮ ਹੋ ਜਾਣਗੀਆਂ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਸੰਸਾਰ ਵਿਚ ਬੋਲੀਆਂ ਜਾ ਰਹੀਆਂ ਪੰਜਾਹ ਜਮ੍ਹਾਂ ਚਾਲੀ੍ਹ ਯਾਨੀ ਨੱਬੇ ਪ੍ਰਤੀਸ਼ਤ ਬੋਲੀਆਂ ਖ਼ਤਮ ਹੋਣ ਦੇ ਕਿਨਾਰੇ ਹਨ। ਇਹ ਤਾਂ ਸਪਸ਼ਟ ਹੋ ਹੀ ਗਿਆ ਕਿ ਅਸੀਂ ਸਿਰਫ਼ ਛੇ ਸੌ ਬੋਲੀਆਂ (ਯਾਨੀ ਦਸ ਪ੍ਰਤੀਸ਼ਤ) ਦੇ ਸਹਾਰੇ ਹੀ ਇਕ ਦੂਜੇ ਨਾਲ ਵਾਬਸਤਾ ਰੱਖ ਸਕਾਂਗੇ।
ਇਸ ਖੋਜ ਦੇ ਨਤੀਜੇ ਤੋਂ ਦੁਨੀਆ ਭਰ ਵਿਚ ਹਲਚਲ ਮਚ ਗਈ ਤੇ ਹੋਰ ਵੀ ਭਾਸ਼ਾ-ਵਿਗਿਆਨੀ ਇਸੇ ਖੋਜ ਵਿਚ ਰੁੱਝ ਗਏ। ਇਹੀ ਸਿੱਟਾ ਹੁਣ ਸਭ ਦੇ ਸਾਹਮਣੇ ਸੀ।
ਦਰਅਸਲ 1492 ਵਿਚ ਹੀ ਅਮਰੀਕਾ ਵਿਚ ਬੋਲੀਆਂ ਜਾ ਰਹੀਆਂ ਜ਼ਬਾਨਾਂ ਵਿੱਚੋਂ ਸੈਂਕੜੇ ਖ਼ਤਮ ਹੋਣ ਦੇ ਨੇੜੇ ਸਨ ਤੇ ਅੱਜ ਦੀ ਤਰੀਕ ਵਿਚ ਉਹ ਸਾਰੀਆਂ ਬੋਲੀਆਂ ਆਪਣੀ ਸੱਭਿਅਤਾ ਦੇ ਹਰ ਇਕ ਅੰਸ਼ ਸਮੇਤ ਲੋਪ ਹੋ ਚੁੱਕੀਆਂ ਹਨ। ਜਿਹੜੀਆਂ ਵੀ ਜ਼ਬਾਨਾਂ ਵੀਹਵੀਂ ਸਦੀ ਤਕ ਘਿਸੜਦੀਆਂ ਪਹੁੰਚੀਆਂ, ਉਨ੍ਹਾਂ ਵਿੱਚੋਂ ਬਹੁਤੀਆਂ ਦੀਆਂ ਲਿਪੀਆਂ ਬਦਲ ਚੁੱਕੀਆਂ ਸਨ ਤੇ ਕੁੱਝ ਕੁ ਨੇ ਆਖ਼ਰੀ ਸਾਹ ਵੀਹਵੀਂ ਸਦੀ ਵਿਚ ਲੈ ਵੀ ਲਏ। ਜਿਵੇਂ ਵਿਸਕੌਨਸਿਨ ਵਿਚ ਮੋਹੀਕਨ, ਕੈਰੋਲੀਨਾ ਵਿਚ ਕੋਟਾਬਾ, ਕੈਲੀਫ਼ੋਰਨੀਆ ਵਿਚ ਯਾਹੀ, ਮੈੱਸੋਚੈੱਟਸ ਵਿਚ ਮਸ਼ਪੀ, ਆਦਿ।
1995 ਵਿਚ 'ਕਰੌਸ' ਨੇ ਅਮਰੀਕਾ ਵਿਚ ਅੰਗਰੇਜ਼ੀ ਤੋਂ ਸਿਵਾ ਬੋਲੀਆਂ ਜਾ ਰਹੀਆਂ ਅਲੱਗ ਅਲੱਗ ਭਾਸ਼ਾਵਾਂ ਉਤੇ ਕੀਤੀ ਖੋਜ ਦਾ ਸਿੱਟਾ ਫਿਰ ਸਾਰੀ ਦੁਨੀਆ ਸਾਹਮਣੇ ਰੱਖ ਦਿੱਤਾ। ਉਸ ਵੇਲੇ ਦੀਆਂ 175 ਜ਼ਬਾਨਾਂ ਵਿੱਚੋਂ 155 ਬੋਲੀਆਂ ਖ਼ਾਤਮੇ ਵੱਲ ਤੁਰ ਪਈਆਂ ਸਨ, ਯਾਨੀ 89 ਪ੍ਰਤੀਸ਼ਤ ਜ਼ਬਾਨਾਂ ਦਾ ਖ਼ਾਤਮਾ ਤੇ ਏਨੀਆਂ ਹੀ ਸੱਭਿਆਤਾਵਾਂ ਦਾ ਅੰਤ। ਓਕਲਾਹੋਮਾ ਵਿਚਲੀਆਂ ਬੋਲੀਆਂ ਜਾ ਰਹੀਆਂ ਜ਼ਬਾਨਾਂ ਵਿੱਚੋਂ ਸਿਰਫ਼ ਦੋ ਜ਼ਬਾਨਾਂ ਹੀ ਬਚ ਸਕੀਆਂ ਹਨ, ਜਿਹੜੀਆਂ ਬੱਚੇ ਬੋਲ ਰਹੇ ਹਨ, ਜਦ ਕਿ ਕੈਲੀਫ਼ੋਰਨੀਆ ਵਿਚਲੀਆਂ ਪੰਜਾਹ ਅਲੱਗ ਅਲੱਗ ਜ਼ਬਾਨਾਂ ਦੀ ਕਬਰ ਖੁਦ ਚੁੱਕੀ ਹੈ। ਵਾਸ਼ਿੰਗਟਨ ਵਿਚਲੇ ਅਲੱਗ ਅਲੱਗ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿਚਲੀਆਂ ਸੋਲ੍ਹਾਂ ਹਿੰਦੁਸਤਾਨੀ ਭਾਸ਼ਾਵਾਂ ਵੀ ਮੁਕੰਮਲ ਤੌਰ 'ਤੇ ਨਸ਼ਟ ਹੋਣ ਲੱਗੀਆਂ ਹਨ। ਅਲਾਸਕਾ ਵਿਚਲੀਆਂ ਵੀਹ ਜ਼ਬਾਨਾਂ ਵਿੱਚੋਂ ਵੀ ਅਗਲੀ ਪੁਸ਼ਤ ਤਕ ਪਹੁੰਚਣ ਵਾਲੀ ਜ਼ਬਾਨ ਸਿਰਫ ਅੰਗਰੇਜ਼ੀ ਹੀ ਬਚੀ ਹੈ।
1995 ਵਿਚ ਹੀ ਕਰੌਸ ਨੇ ਹੋਰ ਭਾਸ਼ਾ-ਵਿਗਿਆਨੀਆਂ ਨਾਲ ਰਲ ਕੇ ਬਚੀਆਂ ਜ਼ਬਾਨਾਂ ਬਾਰੇ ਵੀ ਆਪਣਾ ਅੰਤਿਮ ਸਿੱਟਾ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਕਿ ਅਮਰੀਕਾ ਵਿਚਲੀਆਂ ਚਾਲੂ ਜ਼ਬਾਨਾਂ ਵਿੱਚੋਂ 45 ਤਾਂ ਸੰਨ 2000 ਵਿਚ ਖ਼ਤਮ ਹੋ ਜਾਣਗੀਆਂ, 125 ਜ਼ਬਾਨਾਂ ਸੰਨ 2025 ਵਿਚ ਤੇ 155 ਜ਼ਬਾਨਾਂ 2050 ਸੰਨ ਵਿਚ ਖ਼ਤਮ ਹੋ ਜਾਣਗੀਆਂ। ਜਿਹੜੀਆਂ 20 ਜ਼ਬਾਨਾ ਬਚਣਗੀਆਂ, ਉਹ ਅਗਲੇ ਦਸ ਕੁ ਸਾਲਾਂ ਵਿਚ ਦਫ਼ਨ ਹੋ ਜਾਣਗੀਆਂ।
ਇਸ ਸਿੱਟੇ ਦੇ ਨਾਲ ਨਾਲ ਸਾਰੇ ਭਾਸ਼ਾ-ਵਿਗਿਆਨੀਆਂ ਨੇ ਕਿਸੇ ਵੀ ਜ਼ਬਾਨ 'ਤੇ ਉਸ ਨਾਲ ਜੁੜੇ ਸੱਭਿਆਚਾਰ ਦੇ ਖ਼ਾਤਮੇ ਦੇ ਕਾਰਨ ਵੀ ਸਪਸ਼ਟ ਕਰ ਦਿੱਤੇ।
ਸਭ ਤੋਂ ਵੱਡਾ ਕਾਰਨ ਸੀ ਬੱਚਿਆਂ ਤਕ ਉਸ ਜ਼ਬਾਨ ਦਾ ਨਾ ਪਹੁੰਚਣਾ। ਜਦੇ ਵੀ ਮਾਪੇ ਕਿਸੇ ਦੂਸਰੀ ਜ਼ਬਾਨ ਨੂੰ ਅਪਣਾ ਲੈਂਦੇ ਹਨ ਤੇ ਆਪਣੇ ਬੱਚਿਆਂ ਨੂੰ ਵੀ ਮਾਂ-ਬੋਲੀ ਛੱਡ ਕੇ ਦੂਸਰੀ ਜ਼ਬਾਨ ਸਿੱਖਣ ਨੂੰ ਤਰਜੀਹ ਦਿੰਦੇ ਹਨ ਤਾਂ ਹੌਲੀ ਹੌਲੀ ਬੋਲੀ ਦੀ ਲਿਪੀ ਬਦਲਣ ਦੇ ਨਾਲ ਨਾਲ ਬੋਲੀ ਦੀ ਜੜ੍ਹ ਉਸਦੀ ਸੱਭਿਅਤਾ ਸਮੇਤ ਖ਼ਤਮ ਹੋਣ ਦੇ ਆਸਾਰ ਸ਼ੁਰੂ ਹੋ ਜਾਂਦੇ ਹਨ ਤੇ ਅਗਲੇ ਲਗਭਗ ਪੰਜਾਹ ਕੁ ਸਾਲਾਂ ਵਿਚ ਬੋਲੀ ਖ਼ਤਮ ਹੋ ਜਾਂਦੀ ਹੈ।
1993 ਵਿਚ ਅਮਰੀਕਾ ਦੇ ਸੈਂਸਸ ਬਿਊਰੋ ਨੇ ਜਾਰੀ ਕੀਤੀ ਰਿਪੋਰਟ ਵਿਚ ਵੀ ਸਪਸ਼ਟ ਕੀਤਾ ਕਿ ਅਮਰੀਕਾ ਵਿਚਲੇ ਹਿੰਦੁਸਤਾਨੀ ਖ਼ਾਸਕਰ ਪੰਜਾਬੀਆਂ ਵਿੱਚੋਂ ਸਿਰਫ਼ ਸੌ ਕੁ ਘਰ ਤਾਂ ਅਜਿਹੇ ਹਨ, ਜਿਨ੍ਹਾਂ ਦੇ ਘਰ ਵਿਚ ਮਾਂ-ਬੋਲੀ ਦੀ ਵਰਤੋਂ ਜਾਰੀ ਸੀ। ਬਾਕੀ ਸਭ ਘਰਾਂ ਵਿਚ ਬੱਚਿਆਂ ਨਾਲ ਬੋਲਣ ਵੇਲੇ ਸਿਰਫ਼ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਸੀ। ਯਾਨੀ ਅਮਰੀਕਾ ਵਿਚ ਬਾਹਰੋਂ ਆਏ ਭਾਰਤੀ ਆਪਣੀ ਬੋਲੀ ਪੂਰੀ ਤਰ੍ਹਾਂ ਤਿਆਗ ਕੇ ਅੰਗਰੇਜ਼ੀ ਜ਼ਬਾਨ ਨੂੰ ਅਪਣਾ ਰਹੇ ਸਨ। ਸਿੱਟੇ ਵਜੋਂ ਭਾਰਤੀ ਮੂਲ ਦੇ ਅਮਰੀਕਾ ਵਿਚ ਵੱਸੇ ਬੱਚੇ ਜਿਹੜੇ ਆਪਣੀ ਬੋਲੀ ਪੂਰੀ ਤਰ੍ਹਾਂ ਤਿਆਗ ਰਹੇ ਸਨ, ਵਿਚ 7.2 ਪ੍ਰਤੀਸ਼ਤ ਤੋਂ ਵਾਧਾ ਹੋ ਕੇ ਦਸ ਸਾਲਾਂ ਵਿਚ ( 1990 ਸੰਨ ਤਕ ) 28.4 ਪ੍ਰਤੀਸ਼ਤ ਤਕ ਪਹੁੰਚ ਗਿਆ ਸੀ ਤੇ ਹੁਣ ਲਗਭਗ ਸੌ ਪ੍ਰਤੀਸ਼ਤ ਪਹੁੰਚਣ ਦੇ ਨੇੜੇ ਹੈ।
ਵਿਲਸਨ ਨੇ 1992 ਵਿਚ ਕੀਤੀ ਖੋਜ ਵਿਚ ਇਹ ਸਾਬਤ ਕੀਤਾ ਕਿ ਧਰਤੀ ਉਪਰਲੀ ਵਨਸਪਤੀ ਅਤੇ ਜਾਨਵਰਾਂ ਦੀਆਂ ਅੰਦਾਜ਼ਨ ਦਸ ਲੱਖ ਕਿਸਮਾਂ ਵਿੱਚੋਂ ਹਰ ਸਾਲ ਇਕ ਕਿਸਮ ਖ਼ਤਮ ਹੋ ਰਹੀ ਹੈ, ਕਿਉਂਕਿ ਉਨ੍ਹਾਂ ਦਾ ਆਲਾ-ਦੁਆਲਾ ਬਦਲ ਰਿਹਾ ਹੈ ਤੇ ਹਵਾ ਵਿਚਲਾ ਪੁਦੂਸ਼ਨ ਇਸ ਦਾ ਇਕ ਕਾਰਨ ਹੋ ਸਕਦਾ ਹੈ।
ਕੁੱਝ ਇਸੇ ਤਰ੍ਹਾਂ ਦਾ ਹੀ ਅਸਰ ਜ਼ਬਾਨ ਦੇ ਖ਼ਾਤਮੇ ਵੇਲੇ ਉਸ ਨਾਲ ਜੁੜੀ ਸੱਭਿਅਤਾ 'ਤੇ ਵੀ ਪੈਂਦਾ ਹੈ। ਜਿਵੇਂ ਹੀ ਥਾਂ ਤੇ ਮਾਹੌਲ ਬਦਲਿਆ, ਪਹਿਰਾਵਾ ਤੇ ਰਿਵਾਜ ਵੀ ਬਦਲੇ। ਆਪਣੇ ਕੰਮਕਾਰ ਨੂੰ ਚਲਾਉਣ, ਕਾਨੂੰਨ ਨੂੰ ਅਪਣਾਉਣ ਤੇ ਸਮਝਣ ਲਈ ਬੋਲੀ ਦਾ ਬਦਲਣਾ ਵੀ ਲਾਜ਼ਮੀ ਹੋ ਜਾਂਦਾ ਹੈ।
ਇਸ ਤਰ੍ਹਾਂ ਦੇ ਜ਼ਬਾਨ ਦੇ ਬਦਲਾਵ ਨੂੰ 'ਲੈਂਗੁਏਜ ਸ਼ਿਫ਼ਟ' ਕਿਹਾ ਜਾਂਦਾ ਹੈ। ਜੇ ਛੋਟੇ ਪੱਧਰ 'ਤੇ ਹੋਵੇ ਤਾਂ ਬਹੁਤਾ ਨੁਕਸਾਨ ਨਹੀਂ ਹੁੰਦਾ, ਪਰ ਜੇ ਵੱਡੀ ਪੱਧਰ 'ਤੇ ਹੋ ਜਾਏ ਤਾਂ ਜ਼ਬਾਨ ਦੀ ਮੌਤ ਦਾ ਐਲਾਨ ਹੁੰਦਾ ਹੈ ਤੇ ਨਾਲ ਹੀ ਉਸ ਨਾਲ ਜੁੜੀ ਸੱਭਿਅਤਾ ਦਾ।
ਭਾਸ਼ਾ-ਵਿਗਿਆਨੀਆਂ ਦੀ ਚਿੰਤਾ ਇਹ ਹੈ ਕਿ ਏਨੀ ਵੱਡੀ ਪੱਧਰ 'ਤੇ ਜੇ ਇੱਕੋ ਵੇਲੇ ਅਲੱਗ ਅਲੱਗ ਸੱਭਿਅਤਾਵਾਂ ਦਾ ਅੰਤ ਹੋ ਜਾਏ ਤਾਂ ਸਭ ਇੱਕੋ ਸੱਭਿਅਤਾ ਵਾਲੇ ਲੋਕ ਇੱਕੋ ਜਿਹੇ ਹੀ ਕੰਮਾਂ ਵਿਚ ਰਚੇ ਤੇ ਇੱਕੋ ਤਰ੍ਹਾਂ ਦਾ ਖਾਣਾ, ਪੀਣਾ, ਰਹਿਣਾ ਅਤੇ ਇੱਕੋ ਹੀ ਰੋਟੀ 'ਤੇ ਅਰਬਾਂ-ਖਰਬਾਂ ਵੱਲੋਂ ਪਹੁੰਚਣਾ ਮਾਰੋ ਮਾਰ ਕਰ ਦੇਵੇਗਾ।
ਗੱਲ ਤਾਂ ਸਹੀ ਹੈ। ਜੇ ਸੌਖੇ ਅਰਥਾਂ ਵਿਚ ਸਮਝੀਏ ਤਾਂ ਅਗਲੇ ਸੌ ਸਾਲ ਬਾਅਦ ਹਿੰਦੁਸਤਾਨ ਵਿਚਲੇ ਅੰਗਰੇਜ਼ (ਪੰਜਾਬੀ ਤਾਂ ਭਾਸ਼ਾ-ਵਿਗਿਆਨੀਆਂ ਅਨੁਸਾਰ ਰਹਿਣੇ ਹੀ ਨਹੀਂ) ਜਾਂ ਅਫ਼ਰੀਕਾ ਵਿਚਲੇ ਅੰਗਰੇਜ਼ ਅਮਰੀਕਾ ਵਿਚ ਰਹਿਣ ਨੂੰ ਹੀ ਪਹਿਲ ਦੇਣਗੇ। ਏਨੀ ਭਾਰੀ ਪੱਧਰ 'ਤੇ ਹਿਲਜੁਲ ਠੀਕ ਨਹੀਂ ਰਹਿੰਦੀ ਤੇ ਲੜਾਈ ਨੂੰ ਜਨਮ ਦਿੰਦੀ ਹੈ।
ਕਿਸੇ ਵੀ ਭਾਸ਼ਾ 'ਤੇ ਆਤਮ-ਘਾਤੀ ਹਮਲਾ ਓਦੋਂ ਹੁੰਦਾ ਹੈ, ਜਦੋਂ ਮਾਪੇ ਆਪਣੀ ਭਾਸ਼ਾ ਨੂੰ ਨੀਵਾਂ ਸਮਝਣ ਲੱਗ ਪੈਣ ਤੇ ਆਪਣੇ ਬੱਚਿਆਂ ਨਾਲ ਉਸ ਨੂੰ ਬੋਲਣਾ ਨਾ ਚਾਹੁਣ। ਜਦੋਂ ਬੱਚੇ ਮਾਂ-ਬੋਲੀ ਵਿਚ ਬੋਲਣਾ ਹੀਣ ਸਮਝਣ ਤੇ ਦੋਸਤਾਂ ਨਾਲ ਹੋਰ ਭਾਸ਼ਾ ਬੋਲਣ ਜਾਂ ਜ਼ਿੰਦਗੀ ਵਿਚ ਅਗਾਂਹ ਵਧਣ ਲਈ ਦੂਜੀ ਭਾਸ਼ਾ ਅਪਣਾਉਣ ਤੇ ਦੂਜੀ ਭਾਸ਼ਾ ਵਿਚ ਹੀ ਨੌਕਰੀ ਨੂੰ ਤਰਜੀਹ ਦੇਣ, ਤਾਂ ਉਸ ਭਾਸ਼ਾ ਦੀ ਉਮਰ ਥੋੜੀ ਰਹਿ ਜਾਂਦੀ ਹੈ। ਤੀਜੀ ਪੁਸ਼ਤ ਤਕ ਪਹੁੰਚਦੇ ਪਹੁੰਚਦੇ ਭਾਸ਼ਾ ਤੇ ਉਸ ਨਾਲ ਜੁੜੀ ਸੱਭਿਅਤਾ ਦਾ ਵੀ ਕਤਲ ਹੋ ਜਾਂਦਾ ਹੈ। ਇਸ ਨੂੰ 'ਲੈਂਗੁਏਜ ਮਰਡਰ' ਕਿਹਾ ਜਾਂਦਾ ਹੈ। ਇਸ ਨਾਲ ਇਕ ਜਿਨਸ ਦਾ ਖ਼ਾਤਮਾ, ਉਸ ਨਾਲ ਜੁੜੇ ਲਾਇਕ ਦਿਮਾਗ਼ ਤੇ ਉਨ੍ਹਾਂ ਰਾਹੀਂ ਰਚਿਤ ਸਾਹਿਤ, ਉਸ ਨਾਲ ਜੁੜੀ ਸੱਭਿਅਤਾ ਦੇ ਚੰਗੇ ਅੰਸ਼ ਤੇ ਉਸ ਸੱਭਿਅਤਾ ਵਿਚਲੇ ਤਿਉਹਾਰ ਤੇ ਉਨ੍ਹਾਂ ਦਾ ਪਿਛੋਕੜ, ਸਭ ਦਾ ਕਤਲ ਹੋ ਜਾਂਦਾ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਿਰਫ਼ ਉਸ ਭਾਸ਼ਾ ਦਾ ਕਤਲ ਹੁੰਦਾ ਹੈ, ਜਿਹੜੇ ਦੂਜੀ ਭਾਸ਼ਾ ਵਾਲਿਆਂ ਤੋਂ ਆਪਣੇ ਆਪ ਨੂੰ ਨੀਵਾਂ ਸਮਝਦੇ ਹੋਣ, ਕਿਉਂਕਿ ਦੂਜੀ ਭਾਸ਼ਾ ਵਾਲੇ ਕਦੇ ਵੀ ਅਜਿਹੇ ਲੋਕਾਂ ਨੂੰ ਆਪਣੇ ਵਿਚ ਚਲਣ ਨਹੀਂ ਦਿੰਦੇ। ਇਸ ਤਰ੍ਹਾਂ ਦੇ ਲੋਕਾਂ ਨੂੰ ਦੂਜੀ ਭਾਸ਼ਾ ਵਾਲੇ ਨੀਵਾਂ ਸਮਝਦੇ ਹੋਏ ਕਾਨੂੰਨ ਦੇ ਦਾਇਰੇ ਵਿਚ ਰੋਲ ਕੇ ਜਾ ਦਬਾ ਕੇ ਹੌਲੀ ਹੌਲੀ ਖ਼ਤਮ ਕਰ ਦਿੰਦੇ ਹਨ ਤਾਂ ਜੋ ਉਨ੍ਹਾ ਦੇ ਕੰਮ-ਕਾਰ 'ਤੇ ਹਮਲਾ ਨਾ ਹੋ ਜਾਏ।
ਜਿਹੜੇ ਆਪਣੀ ਭਾਸ਼ਾ ਤੇ ਸੱਭਿਆਚਾਰ ਤੋਂ ਟੁੱਟ ਚੁੱਕੇ ਹੋਣ, ਉਨ੍ਹਾਂ ਦਾ ਪਿਛੋਕੜ ਉਨ੍ਹਾਂ ਦੀ ਸਹਾਇਤਾ ਲਈ ਕਿਤੇ ਪਹੁੰਚ ਹੀ ਨਹੀਂ ਸਕਦਾ ਤੇ ਉਹ ਸੌਖੇ ਹੀ ਦੂਜੀ ਭਾਸ਼ਾ ਵਾਲਿਆਂ ਥੱਲੇ ਦੱਬ ਜਾਂਦੇ ਹਨ। ਇਸ ਦੇ ਉਲਟ ਜੇ ਕੋਈ ਇਨਸਾਨ ਆਪਣੀ ਭਾਸ਼ਾ ਦਾ ਮਾਹਿਰ ਬਣ ਕੇ ਦੂਜੀ ਭਾਸ਼ਾ ਵਾਲੇ ਦੇਸ ਵਿਚ ਪਹੁੰਚਦਾ ਹੈ ਤਾਂ ਲੋਕ ਉਸ ਨੂੰ ਜ਼ਹੀਨ ਮੰਨ ਕੇ ਉਸ ਅੱਗੇ ਸਿਰ ਝੁਕਾਉਂਦੇ ਹਨ ਤੇ ਮਾਣ ਨਾਲ ਆਪਣੇ ਦੇਸ ਵਿਚ ਸੱਦਾ ਦਿੰਦੇ ਹਨ।
ਕਰੌਫ਼ੋਰਡ ਨੇ 1995 ਵਿਚ ਬੜੇ ਸਾਫ਼ ਸ਼ਬਦਾਂ ਵਿਚ ਹਿੰਦੁਸਤਾਨੀਆਂ ਦੇ ਮੂੰਹ 'ਤੇ ਚਪੇੜ ਮਾਰੀ ਕਿ 'ਸਿਰਫ਼ ਅੰਗਰੇਜ਼ੀ' ਪਾਲਿਸੀ ਨਾਲ ਹਿੰਦੁਸਤਾਨੀ ਹੁਕਮਰਾਨ ਤੇ ਹਿੰਦੁਸਤਾਨੀ ਮਾਪੇ ਫ਼ਖ਼ਰ ਮਹਿਸੂਸ ਕਰਨ ਲੱਗ ਪਏ ਹਨ, ਜਿਸ ਨਾਲ ਉਨ੍ਹਾਂ ਦੀ ਸੱਭਿਅਤਾ ਦੇ ਕਾਫ਼ੀ ਅੰਸ਼ ਮੁੱਕ ਚੁੱਕੇ ਹਨ, ਜਿਹੜੇ ਉਨ੍ਹਾਂ ਦੇ ਤਿਉਹਾਰਾਂ ਵਿਚ ਆਉਂਦੇ ਬਦਲਾਵ ਦੱਸ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਉੱਕਾ ਹੀ ਕੋਈ ਫ਼ਾਇਦਾ ਨਹੀਂ ਹੋਣ ਲੱਗਾ। ਹਿੰਦੁਸਤਾਨੀਆਂ ਦੇ ਮਨਾਂ ਦੀ ਡੂੰਘਿਆਈ ਵਿਚ ਤਾਂ ਇਹ ਫਸਿਆ ਪਿਆ ਹੈ ਕਿ ਉਹ ਨੀਵੇਂ ਹਨ, ਕਿਉਂਕਿ ਉਨ੍ਹਾਂ ਦੀ ਮਾਂ-ਬੋਲੀ ਨੀਵੀਂ ਹੈ।
ਇਸ ਨੀਤੀ ਨੂੰ ਅਪਣਾਉਣ ਵਿਚ ਪੰਜਾਬੀ ਸਭ ਤੋਂ ਅੱਗੇ ਹਨ, ਜੋ ਅੰਗਰੇਜ਼ੀ ਬੋਲੀ ਸਿੱਖ ਕੇ ਗੋਰਿਆਂ ਦੇ ਘਰਾਂ ਵਿਚ ਝਾੜੂ ਪੋਚੇ ਲਾਉਣ ਲਈ ਵੀ ਤਿਆਰ ਹਨ, ਪਰ ਆਪਣੀ ਬੋਲੀ ਤੇ ਆਪਣੀ ਸੱਭਿਅਤਾ ਉਤੇ ਫ਼ਖ਼ਰ ਕਰਨ ਨੂੰ ਤਿਆਰ ਨਹੀਂ। ਪੰਜਾਬੀ ਹੁਕਮਰਾਨ ਅੰਗਰੇਜ਼ਾਂ ਵਿਚ ਰਲ ਕੇ ਉੱਥੋਂ ਦੇ ਆਮ ਆਦਮੀ ਤੋਂ ਵੀ ਬਦਤਰ ਰਹਿ ਜਾਂਦੇ ਹਨ ਤੇ ਇੱਥੇ ਪੂਰਾ ਰਾਜ ਕਰਨ ਨੂੰ ਤਿਆਰ ਹਨ, ਪਰ ਪੰਜਾਬੀ ਜ਼ਬਾਨ ਨੂੰ ਕੋਨੇ ਵਿਚ ਧੱਕ ਕੇ।
ਬੋਲੀ ਦਾ ਨਾਸ ਮਾਰਨ ਵਿਚ ਸਭ ਤੋਂ ਵੱਡਾ ਹੱਥ ਹੁੰਦਾ ਹੈ ਸਕੂਲਾਂ ਦਾ। ਅਮਰੀਕੀ ਖੋਜੀਆਂ ਨੇ ਜ਼ਬਾਨਾਂ ਦੇ ਖ਼ਾਤਮੇ ਦੇ ਕਾਰਨਾਂ ਵਿੱਚੋਂ ਇਹ ਵੀ ਇਕ ਵੱਡਾ ਕਾਰਨ ਮੰਨਿਆ ਹੈ, ਖ਼ਾਸਕਰ ਪ੍ਰੀ-ਨਰਸਰੀ ਸਕੂਲਾਂ ਵਿਚ ਵਰਤੀ ਜਾ ਰਹੀ ਮਾਂ-ਬੋਲੀ ਤੋਂ ਸਿਵਾ ਕੋਈ ਹੋਰ ਜ਼ਬਾਨ। ਦੂਜੀ ਵੱਡੀ ਮਾਰ ਬੋਰਡਿੰਗ ਸਕੂਲਾਂ ਵਿਚ ਬੋਲੀ ਜਾ ਰਹੀ ਅੰਗਰੇਜ਼ੀ ਜ਼ਬਾਨ ਤੇ ਉਸ ਨੂੰ ਨਾ ਬੋਲਣ 'ਤੇ ਲੱਗੇ ਜੁਰਮਾਨੇ ਕਾਰਨ ਵੀ ਕਈ ਮਾਂ-ਬੋਲੀਆਂ ਨਸ਼ਟ ਹੋ ਰਹੀਆਂ ਹਨ। ਇਹ ਤਾਂ ਹੁੰਦੀ ਹੈ ਛੋਟੇ ਬੱਚਿਆਂ ਦੇ ਦਿਲਾਂ ਉੱਤੇ ਛਾਪ ਕਿ ਉਨ੍ਹਾਂ ਦੀ ਮਾਂ-ਬੋਲੀ ਹੀਣ ਹੈ ਤੇ ਦੂਜੀ ਬੋਲੀ ਦੇ ਠੋਸਣ ਕਾਰਨ ਉਸੇ ਵਿਚ ਖੁੱਭੇ ਤੁਰੀ ਜਾਂਦੇ ਹਨ। ਜੇ ਇਸ ਦੌਰਾਨ ਬੱਚੇ ਨਾਲ ਘਰ ਵਿਚ ਮਾਂ-ਬੋਲੀ 'ਤੇ ਜ਼ੋਰ ਜਾਰੀ ਰਹੇ ਤਾਂ ਬੱਚੇ ਦਾ ਕੁੱਝ ਕੁ ਵਾਸਤਾ ਮਾਂ-ਬੋਲੀ ਨਾਲ ਬਣਿਆ ਰਹਿੰਦਾ ਹੈ, ਪਰ ਜੇ ਘਰ ਵੀ ਓਪਰੀ ਬੋਲੀ ਹੀ ਵਰਤੀ ਜਾਂਦੇ ਤਾਂ ਬੱਚਾ ਆਪਣੀ ਸੱਭਿਅਤਾ ਤੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।
ਦੂਜੀ ਚੀਜ਼ ਜਿਹੜੀ ਜ਼ਬਾਨ ਦੇ ਖ਼ਾਤਮੇ ਦਾ ਐਲਾਨ ਕਰਦੀ ਹੈ ਜਾਂ 'ਲੈਂਗੁਏਜ ਸ਼ਿਫਟ' 'ਤੇ ਮਜਬੂਰ ਕਰਦੀ ਹੈ, ਉਹ ਹੈ ਬੱਚੇ ਦਾ ਅਗਾਂਹ ਵਧੂ ਭਵਿੱਖ। ਮਾਪੇ ਜਿਹੜੀ ਜ਼ਬਾਨ ਵਿਚ ਬੱਚੇ ਦਾ ਵਧੀਆ ਰੁਜ਼ਗਾਰ ਜਾਂ ਕਿੱਤਾ ਵੇਖਦੇ ਹਨ ਜਾਂ ਜ਼ਬਾਨ ਦੀ ਨਵੇਂ ਜ਼ਮਾਨੇ ਵਿਚ ਉਚਾਈ ਤਕ ਪਹੁੰਚ ਵੇਖਦੇ ਹਨ ਤਾਂ ਉਹ ਆਪਣੇ ਆਪ ਹੀ ਇਸ ਵੱਲ ਖਿੱਚੇ ਜਾਂਦੇ ਹਨ ਤੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚਦੇ ਹੋਏ ਉਸ ਨੂੰ ਮਾਂ-ਬੋਲੀ ਤੋਂ ਪਰ੍ਹਾਂ ਧੱਕ ਦਿੰਦੇ ਹਨ।
ਜਿਹੜੀ ਤੀਜੀ ਜ਼ਰੂਰੀ ਚੀਜ਼ ਕਿਸੇ ਵੀ ਬੋਲੀ ਦੇ ਬਚਾਓ ਲਈ ਚਾਹੀਦੀ ਹੈ ਉਹ ਹੈ ਸਰਕਾਰੀ ਪੱਧਰ 'ਤੇ ਉਸ ਦੀ ਵਰਤੋਂ ਤੇ ਉਸ ਬੋਲੀ ਵਿਚ ਅਗਾਂਹ-ਵਧੂ ਇੰਡਸਟਰੀ, ਜਿਵੇਂ ਕੰਪਿਊਟਰ ਵਿਚਲੇ ਰੁਜ਼ਗਾਰ, ਪੈਸੇ ਦਾ ਆਦਾਨ ਪ੍ਰਦਾਨ ਤੇ ਬੈਂਕਾਂ ਵਿਚ ਉਸ ਦੀ ਲਿਖਤੀ ਰੂਪ ਵਿਚ ਵਰਤੋਂ ਯਾਨੀ ਹਸਤਾਖ਼ਰ, ਆਦਿ।
ਆਖ਼ਰੀ ਜ਼ਰੂਰੀ ਚੀਜ਼ ਹੈ ਮਾਂ-ਬੋਲੀ ਵਿਚ ਡਾਕਟਰੀ, ਇੰਜੀਨੀਅਰੀ ਜਾਂ ਹੋਰ ਵੀ ਅਜਿਹੇ ਕਿੱਤਿਆਂ ਵਿਚ ਮਾਹਿਰ ਹੋਣ ਲਈ ਪੜੀ੍ਹਆਂ ਜਾਣ ਵਾਲੀਆਂ ਕਿਤਾਬਾਂ।
ਪੂਰੀ ਦੁਨੀਆ ਨਾਲ ਸੰਪਰਕ ਰੱਖਣ ਲਈ ਅਤੇ ਆਪਣੀ ਨਵੀਂ ਖੋਜ ਨੂੰ ਦੁਨੀਆ ਭਰ ਵਿਚ ਪਹੁੰਚਾਉਣ ਲਈ ਅੰਗਰੇਜ਼ੀ ਜਾਂ ਕੋਈ ਵੀ ਹੋਰ ਜ਼ਬਾਨ ਸਿੱਖਣੀ ਕੋਈ ਮਾੜੀ ਗੱਲ ਨਹੀਂ, ਬਸ਼ਰਤੇ ਕਿ ਮਾਂ-ਬੋਲੀ ਨੂੰ ਮਿੱਝ ਕੇ ਅਜਿਹਾ ਨਾ ਕੀਤਾ ਜਾਏ। ਦੂਸਰੀ ਜ਼ਬਾਨ ਸਿੱਖਣ ਦਾ ਇਹ ਉਕੱਾ ਹੀ ਮਤਲਬ ਨਹੀਂ ਹੁੰਦਾ ਕਿ ਆਪਣੀ ਸੱਭਿਅਤਾ ਦਾ ਖ਼ਾਤਮਾ ਕਰਨਾ ਜ਼ਰੂਰੀ ਹੈ, ਬਲਕਿ ਦੂਸਰੀ ਜ਼ਬਾਨ ਵਾਲਿਆਂ ਵਿਚ ਅਲੱਗ ਪਛਾਣ ਰੱਖਣ ਵਾਸਤੇ ਆਪਣੀ ਸੱਭਿਅਤਾ ਨਾਲ ਜੁੜੇ ਰਹਿਣਾ ਜ਼ਰੂਰੀ ਹੈ ਅਤੇ ਆਪਣੇ ਆਪ ਨੂੰ ਭੀੜ ਵਿਚ ਗੁੰਮ ਜਾਣ ਤੋਂ ਬਚਾਉਣ ਲਈ ਮਾਂ-ਬੋਲੀ ਦੀ ਪਕੜ ਜ਼ਰੂਰੀ ਹੈ।
ਟੀ.ਵੀ. ਤੇ ਵੀਡੀਓ ਦਾ ਮਾਧਿਅਮ ਆਮ ਲੋਕਾਂ ਨੂੰ ਬੋਲੀ ਨਾਲ ਜੋੜਨ ਜਾਂ ਦੂਰ ਕਰਨ ਦਾ ਸਾਧਨ ਵੀ ਬਣ ਸਕਦਾ ਹੈ। ਜੇ ਬਜ਼ੁਰਗ ਲੋਕ ਰੇਡੀਉ ਜਾਂ ਟੀ.ਵੀ. 'ਤੇ ਕਿਸੇ ਹੋਰ ਜ਼ਬਾਨ ਵੱਲ ਵਧਦਾ ਝੁਕਾਓ ਵੇਖਣ ਤਾਂ ਉਹ ਆਪਣੇ ਬੱਚਿਆਂ ਉੱਤੇ ਧੱਕੋਜ਼ੋਰੀ ਮਾਂ-ਬੋਲੀ ਥੱਪਦੇ ਨਹੀਂ ਤੇ ਦੂਜੀ ਬੋਲੀ ਨੂੰ ਆਪਣੇ ਬੱਚਿਆਂ ਨੂੰ ਅਪਣਾਉਣ ਲਈ ਰੋਕਦੇ ਵੀ ਨਹੀਂ। ਇਸ ਦੇ ਉਲਟ ਆਪਣੀ ਹਾਲਤ ਵੇਖਦੇ ਹੋਏ ਕਈ ਵਾਰ ਤਾਂ ਦੂਜੀ ਜ਼ਬਾਨ ਨੂੰ ਅਪਣਾਉਣ ਲਈ ਹੱਲਾਸ਼ੇਰੀ ਵੀ ਦੇ ਦਿੰਦੇ ਹਨ ਤਾਂ ਜੇ ਉਨ੍ਹਾਂ ਦੀ ਮਾਲੀ ਹਾਲਤ ਚੰਗੀ ਹੋ ਸਕੇ।
ਇਹ ਕਿਸੇ ਵੀ ਜ਼ਬਾਨ ਲਈ ਸਭ ਤੋਂ ਵੱਡੀ ਮਾਰ ਹੁੰਦੀ ਹੈ, ਜਦੋਂ ਕੋਈ ਮਾਂ-ਬੋਲੀ ਇਕ ਸੀਮਿਤ ਘੇਰੇ ਵਿਚ ਸੁੰਗੜ ਕੇ ਰਹਿ ਜਾਵੇ। ਇਹ ਸੀਮਿਤ ਘੇਰਾ ਹੁੰਦਾ ਹੈ, ਬਜ਼ੁਰਗਾਂ ਵਿਚਲੀ ਆਪਸੀ ਗੱਲਬਾਤ ਤਕ, ਸਿਰਫ਼ ਧਾਰਮਿਕ ਸਮਾਗਮਾਂ ਵਿਚ ਵਰਤਿਆ ਜਾਣਾ ਜਾਂ ਸਿਰਫ਼ ਕਿਸੇ ਰੀਤ-ਰਿਵਾਜ ਕਰਨ ਸਮੇਂ ਉਸਦੀ ਵਰਤੋਂ।
ਅਮਰੀਕਾ ਵਿਚ ਭਾਸ਼ਾ-ਵਿਗਿਆਨੀਆਂ ਵੱਲੋਂ 1995 ਵਿਚ ਕੀਤੀ ਭਵਿੱਖਬਾਣੀ ਸਹੀ ਸਾਬਤ ਹੋ ਚੁੱਕੀ ਹੈ ਤੇ ਸੰਨ 2000 ਤਕ 45 ਭਾਸ਼ਾਵਾਂ ਖ਼ਤਮ ਹੋ ਚੁੱਕੀਆਂ ਹਨ। ਸੰਨ 2025 ਵਿਚ ਬਾਕੀ 125 ਜ਼ਬਾਨਾਂ ਦੇ ਖ਼ਾਤਮੇ ਦਾ ਐਲਾਨ ਵੀ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 75 ਦੇ ਕਰੀਬ ਅੱਜ ਦੇ ਦਿਨ ਹੀ ਖ਼ਤਮ ਹੋ ਚੁੱਕੀਆਂ ਹਨ। ਜਿਹੜਾ ਖ਼ਤਰਨਾਕ ਐਲਾਨ ਹਿੰਦੁਸਤਾਨੀਆਂ ਵਾਸਤੇ ਹੈ, ਉਹ ਹੈ 2050 ਸੰਨ ਤਕ ਬਾਕੀ ਦੀਆਂ 155 ਬਚੀਆਂ ਭਾਸ਼ਾਵਾਂ ਦਾ ਅਮਰੀਕਾ ਵਿਚ ਅੰਤ, ਜਿਨ੍ਹਾਂ ਵਿਚ ਪੰਜਾਬੀ ਜ਼ਬਾਨ ਸ਼ਾਮਿਲ ਹੈ।
ਜੇ ਕੋਈ ਪੰਜਾਬੀ ਇਸ ਤੋ ਚਿੰਤਤ ਹੈ ਤਾਂ ਉਹ ਇਹ ਬਾਖ਼ੂਬੀ ਸਮਝ ਸਕਦਾ ਹੈ ਕਿ ਜੇ 2050 ਤਕ ਅਮਰੀਕਾ ਵਿਚ ਪੰਜਾਬੀ ਜ਼ਬਾਨ ਦਾ ਅੰਤ ਨਿਸਚਿਤ ਹੈ ਤਾਂ ਜਿਹੜੇ ਵੀ ਅੰਸ਼ ਕਿਸੇ ਜ਼ਬਾਨ ਦੇ ਅੰਤ ਦਾ ਐਲਾਨ ਕਰਦੇ ਹਨ, ਉਹ ਸਾਰੇ ਅੰਸ਼ ਪੰਜਾਬ ਅੰਦਰ ਵੀ ਕਰੇ ਪਏ ਹਨ; ਅਰਥਾਤ ਪ੍ਰੀ-ਨਰਸਰੀ ਵਿਚ ਗਲੀ ਗਲੀ ਖੁੱਲ੍ਹੇ ਅੰਗਰੇਜ਼ੀ ਮਾਧਿਅਮ ਸਕੂਲ, ਹਰ ਰੁਜ਼ਗਾਰ ਤੇ ਵਧੀਆ ਕਿੱਤਾ ਅੰਗਰੇਜ਼ੀ ਵਿਚ, ਮੈਡੀਕਲ ਤੇ ਇੰਜੀਨੀਅਰੀ ਪੜ੍ਹਾਈ ਅੰਗਰੇਜ਼ੀ ਵਿਚ, ਸਰਕਾਰੀ ਪੱਧਰ 'ਤੇ ਪੰਜਾਬੀ ਦੀ ਦੁਰਵਰਤੋਂ ਤੇ ਉਸ ਦਾ ਲਾਗੂ ਨਾ ਹੋਣਾ, ਖ਼ਾਸਕਰ ਆਈ.ਏ.ਐੱਸ ਅਧਿਕਾਰੀਆਂ ਵੱਲੋ ਪੰਜਾਬੀ ਜ਼ਬਾਨ ਦੀ ਦੱਬ ਕੇ ਨਿਖੇਧੀ ਤੇ ਇਸ ਨੂੰ ਲਾਗੂ ਕਰਨ ਵਿਚ ਹਰ ਪੱਧਰ 'ਤੇ ਅੜਚਣ, ਪੰਜਾਬੀ ਬੋਲਣ ਵਾਲੇ ਨੂੰ ਨੀਵਾਂ ਤੇ ਅਨਪੜ੍ਹ ਸਮਝਣਾ ਅਤੇ ਯੂਨੀਵਰਸਿਟੀਆਂ ਵਿਚ ਮਾਂ-ਬੋਲੀ ਨੂੰ ਉਤਸਾਹਿਤ ਨਾ ਕਰਨਾ।
ਅਮਰੀਕੀ ਭਾਸ਼ਾ-ਵਿਗਿਆਨੀ ਕਿਉਂਕਿ ਏਨੀ ਵੱਡੀ ਪੱਧਰ 'ਤੇ ਭਾਸ਼ਾਵਾਂ ਦੀ ਮੌਤ 'ਤੇ ਚਿੰਤਤ ਹਨ, ਇਸੇ ਲਈ ਉਨ੍ਹਾਂ ਮਰਦੀ ਹੋਈ ਜਾਂ ਮਰ ਚੁੱਕੀ ਜ਼ਬਾਨ ਨੂੰ ਜਿੰਦਾਂ ਕਰਨ ਦੇ ਹੱਲ ਵੀ ਦੱਸੇ ਹਨ। ਦੋ ਹਜ਼ਾਰ ਸਾਲ ਪਹਿਲਾਂ ਮਰ ਚੁੱਕੀ ਜ਼ਬਾਨ 'ਹਿਬਰਿਊ' (ਇਬਰਾਨੀ) ਨੂੰ ਜ਼ਿੰਦਾ ਕਰ ਲਿਆ ਗਿਆ ਹੈ ਤੇ ਇਜ਼ਰਾਈਲ ਵਿਚ ਜਾਂ ਬਾਹਰ ਇਸ ਨੂੰ ਬੋਲਣ ਵਾਲੇ ਐਸ ਵੇਲੇ ਕਰੋੜਾਂ ਬੰਦੇ ਹਨ।
ਕਿਸੇ ਵੀ ਜ਼ਬਾਨ ਵਿਚ ਨਵੇਂ ਸਿਰਿਓਂ ਜਾਨ ਫੂਕਣ ਲਈ ਉਸ ਜ਼ਬਾਨ ਵਿਚ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾਈ ਜ਼ਰੂਰੀ ਹੈ, ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਉਸ ਜ਼ਬਾਨ ਵਿਚ ਮੁਹਾਰਤ ਹੋਣੀ ਜ਼ਰੂਰੀ ਹੈ, ਉੱਚ-ਪੱਧਰੀ ਸੰਗੀਤ ਹੋਣਾ ਚਾਹੀਦਾ ਹੈ, ਜ਼ਬਾਨ ਕਿੱਤਾ ਮੁਹੱਈਆ ਕਰਵਾਉਣ ਦੇ ਕਾਬਲ ਹੋਣੀ ਚਾਹੀਦੀ ਹੈ, ਯਾਨੀ ਸਰਕਾਰੀ ਅਮਲਾ ਇਹ ਜ਼ਬਾਨ ਪੂਰੀ ਤਰ੍ਹਾਂ ਲਾਗੂ ਕਰੇ ਤੇ ਅਗਲੇਰੀ ਪੜ੍ਹਾਈ ਲਈ ਇਸ ਜ਼ਬਾਨ ਵਿਚ ਉਚੇਰਾ ਤੇ ਖੋਜ ਭਰਪੂਰ ਸਾਹਿਤ ਹੋਣਾ ਬਹੁਤ ਜ਼ਰੂਰੀ ਹੈ।
ਇਸ ਕੰਮ ਲਈ ਮਾਂ-ਬੋਲੀ ਦੀਆਂ ਬਰੀਕੀਆਂ ਜਾਨਣ ਵਾਲੇ ਬਜ਼ੁਰਗ ਮਾਹਿਰਾਂ ਦੀ ਕਮੇਟੀ ਗਠਨ ਕਰ ਕੇ ਉਨ੍ਹਾਂ ਤੋ ਰਾਏ ਲੈਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਸ ਲਈ ਸਰਕਾਰ ਵੱਲੋ ਖੁੱਲ੍ਹੀ ਗਰਾਂਟ ਮਿਲਣੀ ਚਾਹੀਦੀ ਹੈ।
ਅਲਾਸਕਾ ਦੇ ਭਾਸ਼ਾ ਸੈਂਟਰ ਨੇ ਸਪਸਟ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਕਿਸੇ ਵੀ ਭਾਸ਼ਾ ਨੂੰ ਬਚਾਉਣ ਵਾਸਤੇ ਕੋਈ ਉਸ ਭਾਸ਼ਾ ਵਿਚਲਾ ਬਜ਼ੁਰਗ ਜਾਂ ਜਵਾਨ, ਜਿਸ ਨੂੰ ਆਪਣੀ ਮਾਂ-ਬੋਲੀ ਨਾਲ ਪਿਆਰ ਹੈ ਤੇ ਉਹ ਆਪਣੇ ਲੋਕਾਂ ਵਿਚ ਇਹ ਪਿਆਰ ਵਾਪਸ ਪੈਦਾ ਕਰਨ ਦੀ ਹਿੰਮਤ ਰੱਖਦਾ ਹੈ, ਹੀ ਇਹ ਚਮਤਕਾਰ ਕਰ ਸਕਦਾ ਹੈ। ਕੋਈ ਬਾਹਰਲਾ ਬੰਦਾ ਇਹ ਬਿਲਕੁਲ ਨਹੀਂ ਕਰ ਸਕਦਾ।
ਜੇ ਹੁਣ ਵੀ ਇਸ ਪੰਜਾਬ ਦੀ ਧਰਤੀ 'ਤੇ ਕੋਈ ਪੰਜਾਬ ਦਾ ਪੁੱਤਰ ਆਪਣੀ ਮਾਂ-ਬੋਲੀ ਦੀ ਵਿਛ ਰਹੀ ਕਬਰ 'ਤੇ ਚਿੰਤਾ ਗ੍ਰਸਤ ਨਹੀਂ ਹੋਇਆ ਤਾਂ ਮੈਂ ਐਲਾਨ ਕਰਦੀ ਹਾਂ ਕਿ ਕੋਈ ਰਾਣੀ ਦੀ ਝਾਂਸੀ ਬਣ ਕੇ ਪੰਜਾਬੀ ਬੋਲੀ ਨੂੰ ਆਪਣੀ ਛਾਤੀ ਨਾਲ ਲਾ ਕੇ ਪੰਜਾਬ ਦੀ ਧੀ ਜ਼ਰੂਰ ਨਿਤਰੇਗੀ ਮੈਦਾਨੇ ਜੰਗ ਵਿਚ, ਫ਼ਿਰੰਗੀਆਂ ਦੇ ਵਿਛਾਏ ਅੰਗਰੇਜ਼ੀ ਦੇ ਜਾਲ ਵਿੱਚੋਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਸਫਲਤਾ ਨਾਲ ਕੱਢ ਕੇ ਲਿਜਾਉਣ ਦੀ।
--ਡਾ. ਹਰਸ਼ਿੰਦਰ ਕੌਰ
ਬਹੁਤ ਵਧੀਆ ਜਾਣਕਾਰੀ ਜੀ