ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ ਸਹਿਤੀ ਆਣ ‘ਹਜ਼ੂਰ ਸਲਾਮ’ ਕੀਤਾ
ਬੇੜਾ ਲਾ ਬੰਨੇ ਅਸਾਂ ਆਜਜ਼ਾਂ ਦਾ ਰੱਬ ਫਜ਼ਲ ਤੇਰੇ ਉਤੇ ਆਮ ਕੀਤਾ
ਮੇਰਾ ਯਾਰ ਮਿਲਾਵਨਾ ਵਾਸਤਾ ਈ ਅਸਾਂ ਕੰਮ ਤੇਰਾ ਸਰ ਅੰਜਾਮ ਕੀਤਾ
ਭਾਬੀ ਹੱਥ ਫੜਾਇਕੇ ਤੋਰ ਦਿੱਤੀ ਕੰਮ ਖੇੜਿਆਂ ਦਾ ਸਭੋ ਖਾਮ ਕੀਤਾ
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ ਜੋ ਕੁੱਝ ਅਲੀ ਦੇ ਨਾਲ ਗੁਲਾਮ ਕੀਤਾ
ਜੋ ਕੁੱਝ ਹੋਵਣੀ ਸੀਤਾ ਦੇ ਨਾਲ ਕੀਤੀ ਅਤੇ ਦਹਿਸਰੇ ਨਾਲ ਜੋ ਰਾਮ ਕੀਤਾ
ਵਾਰਸ ਜਿਸ ਤੇ ਆਪ ਮਿਹਰਬਾਨ ਹੋਵੇ ਓਥੇ ਫਜ਼ਲ ਨੇ ਆਣ ਮੁਕਾਮ ਕੀਤਾ