ਹੱਥ ਬੰਨ੍ਹ ਨੀਵੀਂ ਧਉਣ ਘਾਹ ਮੂੰਹ ਵਿੱਚ ਕਢ ਦੰਦੀਆਂ ਮਿੰਨਤਾਂ ਘਾਲਿਆ ਵੋ
ਤੇਰੇ ਚਲਿਆਂ ਹੁੰਦੀਆ ਹੈ ਹੀਰ ਚੰਗੀ ਧੁਰੋਹੀ ਰੱਬ ਦੀ ਮੁੰਦਰਾਂ ਵਾਲਿਆ ਵੋ
ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ ਲੁੜ੍ਹ ਗਏ ਹਾਂ ਫਾਕੜਾ ਜਾਲਿਆਂ ਵੋ
ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ
ਜੋਗੀ ਵਾਸਤੇ ਰੱਬ ਦੇ ਤਾਰ ਸਾਨੂੰ ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ
ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ
ਤੇਰੀ ਜੱਟੀ ਦਾ ਕੀ ਇਲਾਜ ਕਰਨਾ ਅਸਾਂ ਆਪਣਾ ਕੋੜਮਾ ਗਾਲਿਆ ਵੋ
ਵਾਰਸ ਸ਼ਾਹ ਰਜ਼ਾ ਤਕਦੀਰ ਵੇਲਾ ਪੀਰਾਂ ਔਲੀਆਂਵਾਂ ਨਾਹੀਂ ਟਾਲਿਆ ਵੋ