ਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ ਸਾਰੇ ਦੇਸ ਤੇ ਧੁੰਮ ਭੋਚਾਲ ਆਹੀ
ਘਰੀਂ ਖੁਰ ਹੋਈ ਕੜਾਂ ਦੇਸ ਸਾਰੇ ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀ
ਸਰਦਾਰ ਸੀ ਖੂਬਾਂ ਦੇ ਤ੍ਰਿੰਜਨਾਂ ਦੀ ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀ
ਖੇੜੇ ਨਾਲ ਸੀ ਓਸ ਅਜੋੜ ਮੁਢੋਂ ਦਿਲੋਂ ਸਾਫ ਰੰਝੇਟੇ ਦੇ ਨਾਲ ਆਹੀ
ਓਸ ਨਾਗਨੀ ਨੂੰ ਕੋਈ ਸੱਪ ਲੜਿਆ ਸੱਸ ਓਸ ਨੂੰ ਦੇਖ ਨਿਹਾਲ ਆਹੀ
’ਇੰਨਾ ਕਈਦਾ ਕੁੰਨਾ’ ਬਾਬਾ ਔਰਤਾਂ ਦੇ ਧੁਰੋਂ ਵਿੱਚ ਕੁਰਾਨ ਦੇ ਫਾਲ ਆਹੀ