ਸੁਬ੍ਹਾ ਚਲਦਾ ਖੇਤ ਕਰਾਰ ਹੋਇਆ ਕੁੜੀਆਂ ਮਾਵਾ ਦੀਆਂ ਕਰਨ ਦਿਲਦਾਰੀਆਂ ਨੀ
ਆਪੋ ਆਪਣੇ ਥਾਂ ਤਿਆਰ ਹੋਈਆਂ ਕਈ ਵਿਆਹੀਆਂ ਕਈ ਕਵਾਰੀਆਂ ਨੀ
ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ ਜਿਵੇਂ ਹਾਜੀਆਂ ਹਜ ਤਿਆਰੀਆਂ ਨੀ
ਜਿਵੇਂ ਵਿਆਹ ਦੀ ਖੁਸ਼ੀ ਦਾ ਚਾ ਚੜ੍ਹਦਾ ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ
ਚਲੋ ਚੱਲ ਹਿਲ ਜੁਲ ਤਰਥੱਲ ਧੜ ਧੜ ਖੁਸ਼ੀ ਨਾਲ ਨੱਚਣ ਮਤਿਆਰੀਆਂ ਨੀ
ਥਾਉਂ ਥਾਈ ਚਵਾ ਦੇ ਨਾਲ ਫੜਕੇ ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ
ਗਿਰਦ ਫਲੇ ਦੀ ਖੁਰਲੀ ਆਣ ਹੋਈਆਂ ਸਭ ਹਾਰ ਸੰਗਾਰ ਕਰ ਸਾਰੀਆਂ ਨੀ
ਏਧਰ ਸਹਿਤੀ ਨੇ ਮਾਂਉ ਤੋਂ ਲਈ ਰੁਖਸਤ ਚਲੋ ਚੱਲ ਜਾਂ ਸਭ ਪੁਕਾਰੀਆਂ ਨੀ
ਐਵੇਂ ਬੰਨ੍ਹ ਕਤਾਰ ਹੋ ਸਫਾਂ ਚੁਰੀਆਂ ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ
ਐਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ
ਖਤਰੇਟੀਆਂ ਅਤੇ ਬਹਿਮਨਟੀਆਂ ਨੀ ਜਟੇਟੀਆਂ ਨਾਲ ਸੁਨਿਆਰੀਆਂ ਨੀ
ਘੋੜੇ ਛੁੱਟੇ ਅਬਾਹ ਜਿਉਂ ਫਿਰਨ ਨਚਦੇ ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ
ਵਾਰਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ ਚੈਂਚਰ ਪਾਂਉਦੀਆਂ ਚੈਂਚਰ ਹਾਰੀਆਂ ਨੀ