ਜਿਵੇਂ ਸੂਹਣੇ ਆਦਮੀ ਫਿਰਨ ਬਾਹਰ ਕਿਚਰਕ ਜੌਲਤਾਂ ਰਹਿਨ ਛੁਪਾਈਆਂ ਨੇ
ਅੱਜ ਭਾਵੇਂ ਤਾਂ ਬਾਜ਼ ਵਿੱਚ ਈਦ ਹੋਈ ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ ਜਮ ਜਮ ਜਾਣ ਬਾਜ਼ੀਂ ਭਰਜਾਈਆਂ ਨੇ
ਵਸੇ ਬਾਜ਼ ਜੁੱਗਾਂ ਤਾਈਂ ਸਣੇ ਭਾਬੀ ਜਿੱਥੇ ਪੀਣ ਫਕੀਰ ਮਲਾਈਆਂ ਨੇ
ਖਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ
ਅੱਜ ਜੋ ਕੋਈ ਬਾਜ਼ ਵਿੱਚ ਜਾ ਵੜਿਆ ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ
ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ
ਅੱਜ ਸੁਰਮਚੂ ਪਾ ਕੇ ਛੈਲਿਆਂ ਨੇ ਸੁਰਮੇ ਦਾਨੀਆਂ ਖੂਹ ਹਲਾਈਆਂ ਨੇ
ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ ਭਰ ਭਰ ਪਾਉਂਦੇ ਰਹੇ ਸਲਾਈਆਂ ਨੇ
ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ ਜਿਉ ਆਈਆਂ ਭਾਬੀਆਂ ਆਈਆਂ ਨੇ
ਵਾਰਸ ਸ਼ਾਹ ਹੁਣ ਪਾਨੀਆਂ ਜ਼ੋਰ ਕੀਤਾ ਬਹੁਤ ਖੁਸ਼ੀ ਕੀਤੀ ਮਰਜ਼ਾਈਆਂ ਨੇ