ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ,
ਮੈਂ ਰੱਤ ਚੋ ਚੋ ਨੇ ਦੀਪ ਬਾਲੇ।
ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ,
ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ।
ਜਾਂ ਪੌ-ਫੁਟਾਲਾ ਮਨੁੱਖਤਾ ਦਾ,
ਨਾ ਹੋਣ ਤੀਕਰ ਲੋਅ ਸਾਥ ਪਾਲੇ।
ਜਾਂ ਨੀਲ ਰੱਤੇ ਦੇ ਨੈਣ ਸਿੱਲ੍ਹੇ
ਵੇ ਜਾਣ ਕਿਧਰੇ ਸੂ ਨਾ ਜੰਗਾਲੇ।
ਵੇ ਦੂਰ ਦਿਸਦੀ ਹੈ ਭੋਰ ਹਾਲੇ।
ਵੇ ਦੂਰ ਦਿਸਦੀ ਹੈ ਭੋਰ ਹਾਲੇ।
ਸਮੇਂ ਦੇ ਥੇਹ ਤੇ ਵੇ ਵੇਖ ਅੜਿਆ,
ਕੋਈ ਬਿੱਲ ਬਤੌਰੀ ਪਈ ਬੋਲਦੀ ਹੈ।
ਵੇ ਅਮਰ ਜੁਗਣੂ ਕੋਈ ਆਤਮਾ ਦਾ,
ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ।
ਬੇ-ਤਾਲ ਸ਼ੂਕਰ ਵੇ ਰਾਕਟਾਂ ਦੀ,
ਸੁਣ ਸੁਣ ਕੇ ਧਰਤੀ ਪਈ ਡੋਲਦੀ ਹੈ।
ਵੇ ਵੇਖ ਅੱਲੜ੍ਹ ਮਨੁੱਖ ਹਾਲੇ ਵੀ,
ਘੁੱਗੀਆਂ ਦੀ ਥਾਂ ਬਾਜ ਪਾਲ਼ੇ।
ਵੇ ਘੋਰ ਕਾਲੀ ਹੈ ਰਾਤ ਹਾਲੇ।
ਵੇ ਘੋਰ ਕਾਲੀ ਹੈ ਰਾਤ ਹਾਲੇ।
ਵੇ ਬਾਝ ਰੇਤਾਂ ਨੇ ਫੋਗ ਸਹਿਰਾ,
ਵੇ ਬਿਨ ਸਕੂੰ ਦੇ ਹੈ ਫੋਗ ਮਸਤੀ।
ਵੇ ਦਿਲ-ਮੁਸੱਵਰ ਦੇ ਬਿਨ ਅਜੰਤਾ,
ਹੈ ਪੱਥਰਾਂ ਦੀ ਬੇ-ਹਿੱਸ ਬਸਤੀ।
ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ -
ਦੇ ਪਾਣੀਆਂ ਦੀ ਹੈ ਖਾਕ ਹਸਤੀ।
ਵੇ ਚੰਨ ਦੀ ਥਾਂ ਚਕੋਰੀਆਂ ਤੋਂ,
ਹਾਏ ਜਾਣ ਸਾਗਰ ਕਿਵੇਂ ਹੰਗਾਲੇ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ!
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ!
ਵੇ ਹੋ ਵੀ ਸਕਦਾ ਕਿ ਪੌਣ ਮਿੱਠੀ;
ਜੋ ਵਗ ਰਹੀ ਹੈ ਤੂਫਾਨ ਹੋਵੇ।
ਜਾਂ ਹੋ ਸਕਦਾ ਕਿ ਮੇਰੇ ਘਰ -
ਕੱਲ ਢੁਕਣੀ ਮੇਰੀ ਮਕਾਣ ਹੋਵੇ।
ਜਾਂ ਹੋ ਵੀ ਸਕਦਾ ਕਿ ਕੱਲ ਤੀਕਣ,
ਨਾ ਹੋਣ ਡੱਲਾਂ ਨਾ ਡਾਣ ਹੋਵੇ।
ਜਾਂ ਗੋਰ ਅੰਦਰ ਹੀ ਹੋਣ ਕਿਧਰੇ -
ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ।
ਮੈਂ ਸੋਚਦੀ ਹਾਂ ਕਿ ਵਿੱਸ ਕਾਲੀ,
ਹਨੇਰਿਆਂ ਦੀ ਨੂੰ ਕੌਣ ਪੀਵੇ।
ਵੇ ਨੰਗ-ਮੁਨੰਗੀ ਜਹੀ ਧਰਤ ਭੁੱਖੀ,
ਵੇ ਹੋਰ ਕਿੰਨੀ ਕੁ ਦੇਰ ਜੀਵੇ।
ਯੁਗ ਵਿਹਾਏ ਨੇ ਬਾਲਦੀ ਨੂੰ,
ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ।
ਪਰ ਨਾ ਹੀ ਬੀਤੀ ਇਹ ਰਾਤ ਕਾਲੀ,
ਹੈ ਨਾ ਹੀ ਬੌਹੜੀ ਉਸ਼ੇਰ ਹਾਲੇ।
ਹੈ ਰਾਤ ਕਿੱਨੀ ਕੁ ਦੇਰ ਹਾਲੇ।
ਹੈ ਰਾਤ ਕਿੱਨੀ ਕੁ ਦੇਰ ਹਾਲੇ।