ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀ ਕਿਸ ਮੁੱਖ ਮੇਰੇ ਤੇ ਮਾਰੀ।
ਕਿਸ ਲਾਈ ਨੀ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ।
ਰਹਿਣ ਦਿਉ ਨੀ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ।
ਤੋੜੋ ਮਾਲ੍ਹ, ਤਰੱਕਲਾ, ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ਼ ਸ਼ਿੰਗਾਰੀ।
ਕਿਸ ਕੂਲਾਂ ਦੇ ਆਣ ਘਚੋਲੇ ਪਾਣੀ
ਕਿਸ ਤੱਤੜੀ ਨੇ ਆਣ ਮਰੂੰਡੀਆਂ ਛਾਵਾਂ।
ਕਿਸ ਬੂਹੇ ਬਹਿ ਧੋਵਾਂ ਦਾਗ ਦਿਲੇ ਦੇ
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ।
ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ
ਕੀਕਣ ਉਮਰ ਨਿਆਣੀ ਮੋੜ ਲਿਆਵਾਂ।
ਕਿਸ ਸੰਗ ਖੇਡਾਂ ਅੜੀਓ ਨੀ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ।
ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ 'ਕੱਲੀ ਵਿੱਚ ਫਸ ਗਈ ਜੇ ਨੀ ਫਾਹੀਆਂ।
ਲੱਖ ਸੁਦੈਣਾਂ ਔਸੀਆਂ ਪਾ ਪਾ ਮੋਈਆਂ
ਬਾਤ ਨਾ ਪੁੱਛੀ ਏਸ ਗਰਾਂ ਦੇ ਰਾਹੀਆਂ।
ਪਰਤ ਕਦੇ ਨਾ ਆਏ ਮਹਿਰਮ ਘਰ ਨੂੰ
ਐਵੇਂ ਉਮਰਾਂ ਵਿੱਚ ਉਡੀਕ ਵਿਹਾਈਆਂ।
ਆਖੇ ਸੂ ਚੰਨ ਮੱਸਿਆ ਨੂੰ ਨਹੀਂ ਚੜ੍ਹਦਾ
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ।
ਝੱਬ ਕਰ ਅੜੀਏ, ਤੂੰ ਵੀ ਉੱਡ ਜਾ ਚਿੜੀਏ,
ਇਹਨੀ ਮਹਿਲੀਂ ਹਤਿਆਰੇ ਨੇ ਵੱਸਦੇ।
ਏਸ ਖੇਤ ਵਿੱਚ ਕਦੇ ਨੀ ਉੱਗਦੀ ਕੰਙਣੀ
ਏਸ ਖੇਤ ਦੇ ਧਾਣ ਕਦੇ ਨਹੀਂ ਪੱਕਦੇ।
ਭੁੱਲ ਨਾ ਬੋਲੇ ਕੋਇਲ ਇਹਨੀਂ ਅੰਬੀਂ
ਇਹਨੀ ਬਾਗੀਂ ਮੋਰ ਕਦੇ ਨਹੀਂ ਨੱਚਦੇ।
ਅੜੀਓ ਨੀ ਮੈਂ ਘਰ ਬਿਰਹੋਂ ਦੇ ਜਾਈਆਂ
ਰਹਿਣਗੇ ਹੋਂਠ ਹਸ਼ਰ ਤੱਕ ਹੰਝੂ ਚੱਟਦੇ।
ਕੀਹ ਰੋਵਾਂ ਮੈਂ ਗਲ ਸੱਜਣਾ ਦੇ ਮਿਲ ਕੇ
ਕੀ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ।
ਕੀ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ
ਕੀ ਕੀ ਬਣ ਬਣ ਚੋਂ ਚੁਗਦੀ ਫਿਰਾਂ ਮੈਂ ਰੱਤੀਆਂ।
ਕੀ ਟੇਰਾਂ ਮੈਂ ਸੂਤ ਗ਼ਮਾਂ ਦੇ ਖੱਦੇ
ਕੀ ਖੋਲਾਂ ਮੈਂ ਗੰਢਾਂ ਪੇਚ ਪਲੱਚੀਆਂ।
ਕੀ ਗਾਵਾਂ ਮੈਂ ਗੀਤ ਹਿਜਰ ਦੇ ਗੂੰਗੇ
ਕੀ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ।