ਮਿਹਤਰ ਨੂਹ ਦਿਆਂ ਬੇਟਿਆਂ ਜ਼ਿਦ ਕੀਤੀ ਡੁਬ ਮੋਏ ਨੇਂ ਛੱਡ ਮੁਹਾਨਿਆਂ ਨੂੰ
ਯਾਕੂਬ ਦਿਆਂ ਪੱਤਰਾਂ ਜ਼ੁਲਮ ਕੀਤਾ ਸੁਣਿਆ ਹੋਸਿਆ ਯੂਸੁਫੋਂ ਵਾਨਿਆਂ ਨੂੰ
ਹਾਬੀਲ ਕਾਬੀਲ ਦੀ ਜੰਗ ਹੋਈ ਛੱਡ ਗਏ ਕੁਤਬ ਟਿਕਾਣਿਆਂ ਨੂੰ
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ ਛੱਡ ਚਲਦੀ ਝੰਗ ਸਮਾਣਿਆਂ ਨੂੰ
ਖਾਹਿਸ਼ ਹੱਕ ਦੀ ਕਮਲ ਤਕਦੀਰ ਵੱਗੀ ਮੋੜੇ ਕੌਣ ਅੱਲਾਹ ਦੇ ਭਾਣਿਆਂ ਨੂੰ
ਕਿਸੇ ਤੱਤੜੇ ਵਕਤ ਸੀ ਨਿੰਹ ਤੁਸਾਂ ਬੀਜਿਆ ਭੁਨਿਆਂ ਦਾਣਿਆਂ ਨੂੰ
ਸਾਢੇ ਤਿੰਨ ਹੱਥ ਜ਼ਮੀਂ ਹੈ ਮਿਲਖ ਤੇਰੀ ਵਲੀਂ ਕਾਸ ਨੂੰ ਏਡ ਵਲਾਨਿਆਂ ਨੂੰ
ਗੁੰਗਾ ਨਹੀਂ ਕੁਰਆਨ ਦਾ ਹੋਇ ਹਾਫਿਜ਼ ਅੰਨ੍ਹਾ ਦੇਖਦਾ ਨਹੀਂ ਟਟ੍ਹਾਨਿਆਂ ਨੂੰ
ਵਾਰਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ ਪਿੱਛਾ ਟੁੱਟਿਆ ਅਤੇ ਨਮਾਣਿਆਂ ਨੂੰ