ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਜਾ ਕਪੜੇ ਵਿੱਚ ਲੁਕਾਇਆ ਈ
ਜੇਹਾ ਵਿੱਚ ਨਮਾਜ਼ ਵਿਸਵਾਸ ਜ਼ੈਬੋਂ ਅਜ਼ਾਜ਼ੀਲ ਬਣਾ ਲੈ ਆਇਆ ਈ
ਉਤੇ ਪੰਜ ਰੁਪਏ ਸੂ ਰੋਕ ਰੱਖੇ ਜਾ ਫਕੀਰ ਥੇ ਫੇਰੜਾ ਪਾਇਆ ਈ
ਜਦੋਂ ਆਵੰਦੀ ਜੋਗੀ ਨੇ ਉਹ ਡਿੱਠੀ ਪਿਛਾਂ ਆਪਣਾ ਮੁਖ ਭਵਾਹਿਆ ਈ
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ ਤਾਉ ਦੋਜ਼ਖੇ ਦਾ ਕੇਹਾ ਆਇਆ ਈ
ਤਲਬ ਮੀਂਹ ਦੀ ਵਗਿਆ ਆਣ ਝੱਬੜ ਯਾਰੋ ਆਖਰੀ ਦੌਰ ਹੁਣ ਆਇਆ ਈ
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ ਅੱਗੋਂ ਮੂਲ ਜਵਾਬ ਨਾ ਆਇਆ ਈ
ਆਮਲ ਚੋਰ ਤੇ ਚੌਧਰੀ ਜੱਟ ਹਾਕਮ ਵਾਰਸ ਸ਼ਾਹ ਨੂੰ ਰੱਬ ਦਖਾਇਆ ਈ