ਆ ਸਹਿਤੀਏ ਵਾਸਤਾ ਰੱਬ ਦਾ ਈ ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ
ਕੰਮ ਬੰਦ ਹੋਵੇ ਪਰਦੇਸੀਆਂ ਦਾ ਨਾਲ ਮਿਹਰ ਦੇ ਓਸ ਨੂੰ ਖੋਲੀਏ ਨੀ
ਤੇਰੇ ਜੇਹੀ ਨਨਾਣ ਹੋ ਮੇਲ ਕਰਨੀ ਜਿਉ ਜਾਨ ਭੀ ਓਸ ਥੋਂ ਘੋਲੀਏ ਨੀ
ਜੋਗੀ ਚੱਲ ਮਨਾਈਏ ਬਾਜ਼ ਵਿੱਚੋਂ ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ
ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ ਜ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ
ਚਲ ਨਾਲ ਮੇਰੇ ਜਿਵੇਂ ਭਾਗ ਪਰੀਏ ਮੇਲੇ ਕਰਨੀਏ ਵਿੱਚ ਵਚੋਲੀਏ ਨੀ
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ