ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ
ਨੈਨਾਂ ਤੇਰਿਆਂ ਜੱਟ ਨੂੰ ਕਤਲ ਕੀਤਾ ਚਾਕ ਹੋਇਕੇ ਖੋਲੀਆਂ ਚਾਰ ਰਹਿਆ
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ
ਅੰਤ ਕੰਨ ਪੜਾ ਫਕੀਰ ਹੋਇਆ ਘਤ ਮੁੰਦਰਾਂ ਵਿੱਚ ਉਜਾੜ ਰਹਿਆ
ਓਸ ਵਰਨ ਨਾ ਮਿਲੇ ਤੂੰ ਸਤਰ ਖਾਨੇ ਥੱਕ ਹੁਟ ਕੇ ਅੰਤ ਨੂੰ ਹਾਰ ਰਹਿਆ
ਤੈਨੂੰ ਚਾਕ ਦੀ ਆਖਦਾ ਜੱਗ ਸਾਰਾ ਐਵੇਂ ਓਸ ਨੂੰ ਮਿਹਣੇ ਮਾਰ ਰਹਿਆ
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ ਉਹ ਨਫਸ ਤੇ ਹਿਰਸ ਨੂੰ ਮਾਰ ਰਹਿਆ
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ ਵਾਰਸ ਵਿੱਚ ਡੁੱਬਾ ਇੱਕੇ ਪਾਰ ਰਹਿਆ