ਜਾ ਹੀਰ ਨੂੰ ਆਖਣਾ ਭਲਾ ਕੀਤੋ ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ
’ਵਜ਼ਾਜ਼ੇ ਆਤੇ ਜ਼ਰਕਨ’ ਪੜ੍ਹੇ ਬਾਬ ਸਾਡੇ ‘ਇਜ਼ਾ ਜ਼ੁਲ ਜ਼ੇ ਲਾਤੇ’ ਚਾਕ ਦੀ ਫਾਲ ਕੀਤੋ
ਝੰਡਾ ਸਿਆਹ ਸਫੈਦ ਸੀ ਇਸ਼ਕ ਵਾਲਾ ਉਹ ਘਤ ਮਜੀਠ ਜ਼ਮ ਲਾਲ ਕੀਤੋ
ਦਾਨਾ ਬੇਗ ਦੇ ਮਗਰ ਜਿਉ ਪਏ ਜ਼ਜ਼ਲਈ ਡੇਰਾ ਲੁੱਟ ਕੇ ਚਾ ਕੰਗਾਲ ਕੀਤੋ
ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ ਚਾ ਅੰਦਰੋਂ ਬਾਹਰੋਂ ਲਾਲ ਕੀਤੋ
ਅਹਿਮਦ ਸ਼ਾਹ ਵਾਂਗੂੰ ਮੇਰੇ ਮਗਰ ਪੈ ਕੇ ਪਟ ਠੁਡ ਕੇ ਚੱਕ ਦਾ ਤਾਲ ਕੀਤੋ
ਚਿਹਰੀਂ ਸਾਦ ਬਹਾਲਿਆਂ ਖੇੜਿਆਂ ਨੂੰ ਬਰਤਰਫੀਆਂ ਤੇ ਮਹੀਂਵਾਲ ਕੀਤੋ
ਫਤਹਿ ਬਾਦ ਚਾ ਦਿਤਿਆ ਖੇੜਿਆਂ ਨੂੰ ਭਾਰਾ ਰਾਝਨੇ ਦੇ ਵੀਰੋਵਾਲ ਕੀਤੋ
ਛੱਡ ਨਠਿਏ ਸਿਆਲ ਤੇ ਮਹੀਂ ਮਾਹੀ ਵਿੱਚ ਖੇੜਿਆਂ ਦੇ ਆਇ ਜਾਲ ਕੀਤੋ
ਜਾਂ ਮੈਂ ਗਿਆਂ ਵਿਹੜੇ ਸਹਿਤੀ ਨਾਲ ਰਲ ਕੇ ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ ਮੇਰੇ ਬਾਬ ਦਾ ਤੁਧ ਭੂੰਚਾਲ ਕੀਤੋ
ਭਲੇ ਚੌਧਰੀ ਦਾ ਪੁਤ ਚਾਕ ਹੋਇਆ ਚਾਇ ਜੱਗ ਉਤੇ ਮਹੀਂਵਾਲ ਕੀਤੋ
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ ਵਾਰਸ ਸ਼ਾਹ ਫਕੀਰ ਨਿਹਾਲ ਕੀਤੋ