ਹੱਥ ਚਾ ਮਤਹਿਰੜੀ ਕੜਕਿਆ ਈ ਤੈਨੂੰ ਆਉਂਦਾ ਜੱਗ ਸਭ ਸੁੰਙ ਰੰਨੇ
ਚਾਵਲ ਨਿਅਮਤਾਂ ਕਣਕ ਤੂੰ ਆਪ ਖਾਏਂ ਖੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ
ਖੜਦੇ ਚੀਣਾ ਘਰ ਖਾਵੰਦਾਂ ਦੇ ਨਹੀਂ ਮਾਰ ਕੇ ਕਰੂੰ ਗਾ ਮੁੰਜ ਰੰਨੇ
ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ ਲਾ ਬਹੀਏਂ ਜੇ ਵੈਰ ਦੀ ਚੁੰਜ ਰੰਨੇ
ਸਿਰ ਫਾਵੜੀ ਮਾਰ ਕੇ ਦੰਦ ਝਾੜੂੰ ਟੰਗਾਂ ਪੰਨ ਕੇ ਕਰੂੰਗਾ ਲੁੰਜ ਰੰਨੇ
ਤੇਰੀ ਵਰੀ ਸੂਈ ਬਣੇ ਫੋਲ ਸੁੱਟਾਂ ਜੁੱਟੀ ਰਹੇਂ ਗੀ ਉਂਜ ਦੀ ਉਂਜ ਰੰਨੇ
ਵਾਰਸ ਸ਼ਾਹ ਸਿਰ ਚਾੜ੍ਹ ਵਿਗਾੜੀਏ ਤੂੰ ਹਾਥੀ ਵਾਂਗ ਮੈਦਾਨ ਵਿੱਚ ਕੁੰਜ ਰੰਨੇ