ਖੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ ਅੱਖੀਂ ਦੇਖਦਿਆਂ ਹੋਰ ਦੀਆਂ ਹੋਰ ਹੋਈਆਂ
ਰਤੀ ਦੁੱਧ ਦੀਆਂ ਧੋਤੀਆਂ ਨੇਕ ਨੀਤਾਂ ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ
ਚੋਰ ਚੌਧਰੀ ਗੁੰਡੀ ਪਰਧਾਨ ਕੀਤੀ ਇਹ ਉਲਟ ਅਵੱਲੀਆਂ ਜ਼ੋਰ ਹੋਈਆਂ
ਬਦਜ਼ੇਬ ਤੇ ਕੋਝੀਆਂ ਭੇੜ ਮੂੰਹੀਆਂ ਆਕੇ ਹੁਸਨੇ ਦ ਬਾਗ ਦੀਆਂ ਮੋਰ ਹੋਈਆਂ
ਇਹ ਚੁਜ਼ਲ ਬਲੋਚਾਂ ਦੇ ਨੇਹੋਂ ਨਹਿ ਮੁਠੀ ਜ਼ਮੀਂ ਦੋਜ਼ ਘੂਠੀ ਮਨ ਖੋਰ ਹੋਈਆਂ
ਇਹਦੀ ਬਣਤ ਦੇਖੋ ਨਾਲ ਨਖਰਿਆਂ ਦੇ ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ
ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ ਫਿਰਨ ਮੁੰਡੀਆਂ ਵਿੱਚ ਲਲੋਰ ਹੋਈਆਂ
ਵਾਰਸ ਸ਼ਾਹ ਚਨ੍ਹਾਉਂ ਤੇ ਧੁਮ ਇਹਦੀ ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ