ਭਲਾ ਦੱਸ ਭਾਬੀ ਕੇਹਾ ਵੈਰ ਚਾਇਉ ਭਈਆਂ ਪਿੱਟਿਆਂ ਨੂੰ ਪਈ ਲੂਹਣੀ ਹੈਂ
ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ ਘਾ ਅੱਲੜੇ ਪਈ ਖਨੂਹਨੀ ਹੈਂ
ਆਪ ਛਾਨਣੀ ਛੇਕਦੀ ਦੀ ਦੋਹਨੀ ਨੂੰ ਐਵੇਂ ਕੰਡਿਆਂ ਤੋਂ ਪਈ ਧੋਹਨੀ ਹੈ
ਸੋਹਨੀ ਹੋਈ ਹੈਂ ਨਹੀਂ ਤੂੰ ਜ਼ਜ਼ਬ ਚਾਇਆ ਖੂਨ ਖ਼ਲਕ ਦਾ ਪਈ ਨਚੋਹਨੀ ਹੈਂ
ਆਪ ਚਾਕ ਹੰਢਾਇਕੇ ਛੱਡ ਆਈਂ ਹੋਰ ਖਲਕ ਨੂੰ ਪਈ ਵਡੋਹਨੀ ਹੈਂ
ਆਖ ਭਾਈ ਨੂੰ ਹੁਣੇ ਕੁਟਾਇਅ ਕੱਢੂੰ ਜੇਹਾ ਅਸਾਂ ਨੂੰ ਮੇਹਣੇ ਲੂਹਨੀ ਹੈਂ
ਆਪ ਕਮਲੀ ਲੋਕਾਂ ਦੇ ਸਾਂਗ ਲਾਏਂ ਖਰਵਾਈਆਂ ਦੀ ਵੱਡੀ ਖੂਹਨੀ ਹੈਂ
ਵਾਰਸ ਸ਼ਾਹ ਕਹੀ ਬਘਿਆੜੀ ਏਂ ਨੀ ਮੁੰਡੇ ਮੋਹਣੀ ਤੇ ਵੱਡੀ ਸੂਹਨੀ ਹੈਂ