ਅਨੀ ਸੁਣੋ ਭੈਣਾ ਕੋਈ ਛਿਟ ਜੋਗੀ ਵੱਡੀ ਜੂਠ ਭੈੜਾ ਕਿਸੇ ਥਾਂਉ ਦਾ ਹੈ
ਝਗੜੈਲ ਮਰਖਨਾ ਘੰਡ ਮੱਚੜ ਰੱਪੜ ਖੰਡ ਇਹ ਕਿਸੇ ਗਰਾਉਂਦਾ ਹੈ
ਪਰਦੇਸੀਆਂ ਦੀ ਨਹੀਂ ਡੌਲ ਇਸ ਦੀ ਇਹ ਵਾਕਫ ਬਰੀ ਦੇ ਨਾਉਂ ਦਾ ਹੈ
ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ ਆਪੇ ਲਾਂਵਦਾ ਆਪ ਬੁਝਾਂਦਾ ਹੈ
ਹੁਣੇ ਭੰਨ ਕੇ ਖਪਰੀ ਤੋੜ ਸੇਲ੍ਹੀ ਨਾਲੇ ਜਟਾਂ ਦੀ ਜੂਟ ਖੁਹਾਂਦਾ ਹੈ
ਜੋ ਮੈਂ ਉੱਠ ਕੇ ਪਾਣ ਪਤ ਲਾਹ ਸੁੱਟਾਂ ਪੈਂਚ ਇਹ ਨਾ ਕਿਸੇ ਗਰਾਉਂ ਦਾ ਹੈ
ਕੋਈ ਡੂਮ ਮੋਚੀ ਇੱਕੇ ਢੀਡ ਕੰਜਰ ਇੱਕੇ ਚੂਹੜਾ ਕਿਸੇ ਸਰਾਉਂਦਾ ਹੈ
ਵਾਰਸ ਸ਼ਾਹ ਮੀਆਂ ਵਾਹ ਲਾ ਰਹੀਆਂ ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ