ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ ਨੈਨਾਂ ਖੀਵੀਆ ਮਸਤ ਦੀਵਾਨਿਆਂ ਵੇ
ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ
ਵਿੱਚੋਂ ਨੈਣ ਹੱਸਣ ਹੋਠ ਭੇਦ ਦੱਸਨ ਅੱਖੀਂ ਮੀਟਦਾ ਨਾਲ ਬਹਾਨਿਆ ਵੇ
ਕਿਸ ਮੁਨਿਉਂ ਕੰਨ ਕਿਸ ਪਾੜਿਉਂ ਨੀ ਤੇਰਾ ਵਤਨ ਹੈ ਕੌਣ ਦੀਵਾਨਿਆ ਵੇ
ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ ਸੱਚੋ ਸੱਚ ਹੀ ਦੱਸ ਮਸਤਾਨਿਆ ਵੇ
ਏਸ ਉਮਰ ਕੀ ਵਾਇਦੇ ਪਏ ਤੈਨੂੰ ਕਿਉਂ ਭਵਨਾ ਏ ਦੇਸ ਬੇਗਾਨਿਆ ਵੇ
ਕਿਸੇ ਰੰਨ ਭਾਬੀ ਬੋਲੀ ਮਾਰਿਆ ਈ ਹਿਕ ਸਾੜਿਆ ਸੂ ਨਾਲ ਤਾਨ੍ਹਿਆਂ ਵੇ
ਵਿੱਚ ਤ੍ਰਿੰਜਨਾ ਪਵੇ ਵਿਚਾਰ ਤੇਰੀ ਹੋਵੇ ਜ਼ਿਕਰ ਤੇਰਾ ਚੱਕੀ ਹਾਨਿਆ ਵੇ
ਬੀਬੀ ਦੱਸ ਸ਼ਤਾਬ ਹੋ ਜਿਉ ਜਾਂਦਾ ਅਸੀਂ ਧੁੱਪ ਦੇ ਨਾਲ ਮਰ ਜਾਨੀਆ ਵੇ
ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ
ਵਾਰਸ਼ ਸ਼ਾਹ ਗੁਮਾਨ ਨਾ ਪਵੀਂ ਮੀਆਂ ਅੱਦੀ ਹੀਰ ਦਿਆ ਮਾਲ ਖਜ਼ਾਨਿਆ ਵੇ