ਸਈਉ ਦੇਖੋ ਤੋ ਮਸਤ ਅਲੱਸਤ ਜੋਗੀ ਜੈਂਦਾ ਰੱਬ ਦੇ ਨਾਲ ਧਿਆਨ ਹੈ ਨੀ
ਇਨ੍ਹਾਂ ਭੌਰਾਂ ਨੂੰ ਆਸਰਾ ਰੱਬ ਦਾ ਹੈ ਘਰ ਵਾਰ ਨਾ ਤਾਣ ਨਾ ਮਾਣ ਹੈ ਨੀ
ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ ਰਲਨ ਖਾਕ ਵਿੱਚ ਫਕਰ ਦੀ ਬਾਣ ਹੈ ਨੀ
ਸੋਹਨਾ ਫੁਲ ਗੁਲਾਬ ਮਾਅਸ਼ੂਕ ਨੱਢਾ ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ
ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ ਓਨ੍ਹਾਂ ਮਾਹਣੂਆਂ ਦੀ ਕਹੀ ਕਾਣ ਹੈ ਨੀ
ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ
ਆਉ ਪੁੱਛਈਏ ਕਿਹੜੇ ਦੇਸ ਦਾ ਹੈ ਅਤੇ ਏਸ ਦਾ ਕੌਣ ਮਕਾਨ ਹੈ ਨੀ