ਕੁੜੀਆਂ ਦੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇਂ
ਮਾਏ ਇੱਕ ਜੋਗੀ ਸਾਡੇ ਨਗਰ ਆਇਆ ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇਂ
ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ ਭਾਵੇਂ ਭਿੱਛਿਆ ਨਾਹੀਉ ਪਾਈਆਂ ਨੇਂ
ਹੱਥ ਖੱਪਰੀ ਫਾਵੜੀ ਮੋਢਿਆਂ ਤੇ ਗਲ ਸੇਲ੍ਹੀਆਂ ਅਜਬ ਬਣਾਈਆਂ ਨੇਂ
ਅਰੜਾਂਵਦਾ ਵਾਗ ਜਲਾਲੀਆਂ ਦੇ ਜਟਾਂ ਵਾਂਗ ਮਦਾਰੀਆਂ ਛਾਈਆਂ ਨੇਂ
ਨਾ ਉਹ ਮੁੰਡੀਆ ਗੋਦੜੀ ਨਾ ਜੰਗਮ ਨਾ ਉਦਾਸੀਆਂ ਵਿੱਚ ਠਰਾਈਆਂ ਨੇਂ
ਪਰਮ ਮੱਤੀਆਂ ਅੱਖੀਆਂ ਰੰਗ ਭਰੀਆਂ ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇਂ
ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ ਨੈਨਾਂ ਖੀਵਿਆਂ ਸਾਣ ਚੜ੍ਹਾਈਆਂ ਨੇਂ
ਕਦੀ ਸੰਗਲੀ ਸੁਟ ਕੇ ਸ਼ਗਨ ਵਾਚੇ ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ
ਕਦੀ ਕਿੰਗ ਵਜਾਇਕੇ ਖੜ੍ਹਾ ਰੋਵੇ ਕਦੀ ਸੰਖ ਤੇ ਨਾਦ ਘੂਕਾਈਆਂ ਨੇਂ
ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ ਖੈਰ ਓਸ ਨੂੰ ਪਾਉਂਦੀਆਂ ਮਾਈਆਂ ਨੇਂ
ਨਸ਼ੇ ਬਾਝ ਭਵਾਂ ਓਸ ਦੀਆਂ ਮੱਤੀਆਂ ਨੇਂ ਮਰਗਾਨੀਆਂ ਗਲੇ ਬਣਾਈਆਂ ਨੇਂ
ਜਟਾਂ ਸੁਹੰਦੀਆਂ ਛੈਲ ਓਸ ਜੋਗੜੇ ਨੂੰ ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇਂ
ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ ਨੈਣਾਂ ਓਸ ਦਿਆਂ ਝੰਬਰਾਂ ਲਾਈਆਂ ਨੇਂ
ਕੋਈ ਗੁਰੂ ਪੂਰਾ ਓਸ ਨੂੰ ਆਣ ਮਿਲਿਆ ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇਂ
ਵਾਰਸ ਸ਼ਾਹ ਚੇਲਾ ਬਾਲਨਾਥ ਦਾ ਏ ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇਂ