ਆ ਜੋਗੀਆ ਕੇਹਾ ਇਹ ਦੇਸ ਡਿੱਠੇ ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ
ਓਥੇ ਝੂਲ ਮਸਤਾਨੀਆਂ ਕਰੇ ਗੱਲਾਂ ਸੁਖਨ ਸੁਣੋ ਕੰਨ ਪਾਟਿਆਂ ਪਿਆਰੀਆਂ ਦੇ
ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ ਡਾਰ ਫਿਰਨ ਚੌਤਰਫ ਕਵਾਰੀਆਂ ਦੇ
ਮਾਰ ਆਸ਼ਕਾਂ ਨੂੰ ਕਰਨ ਚਾ ਬੈਰੇ ਨੈਣ ਤਿਖੜੇ ਨੋਕ ਕਟਾਰੀਆਂ ਦੇ
ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾ ਨੈਣ ਰਹਿਣ ਨਾਹੀਂ ਮਰ ਯਾਰੀਆਂ ਦੇ
ਏਸ ਜੋਬਨੇ ਦੀਆਂ ਵਣਜਾਰੀਆਂ ਨੂੰ ਮਿਲੇ ਆਣ ਸੌਦਾਗਰ ਯਾਰੀਆਂ ਦੇ
ਸੁਰਮਾ ਫੁਲ ਦੰਦਾਸੜਾ ਸੁਰਖ ਮਹਿੰਦੀ ਲੁਟ ਲਏ ਨੇ ਹੱਟ ਪਸਾਰੀਆਂ ਦੇ
ਨੈਨਾਂ ਨਾਲ ਕਲੇਜੜਾ ਛਿਕ ਕੱਢਣ ਦਿਸਣ ਭੋਲੜੇ ਮੁਖ ਵਿਚਾਰੀਆਂ ਦੇ
ਜੋਗੀ ਦੇਖ ਕੇ ਆਣ ਚੌਗਿਰਦ ਹੋਈਆਂ ਛੁੱਟੇ ਪਰ੍ਹੇ ਵਿੱਚ ਨਾਗ ਪਟਾਰੀਆਂ ਦੇ
ਓਥੇ ਖੋਲ ਕੇ ਅੱਖੀਆਂ ਹੱਸ ਪੌਂਦਾ ਡਿਠੇ ਖਾਬ ਵਿੱਚ ਮੇਲ ਕਵਾਰੀਆਂ ਦੇ
ਆਨ ਗਿਰਦ ਹੋਈਆਂ ਬੈਠਾ ਵਿੱਚ ਝੂਲੇ ਬਾਦਸ਼ਾਹ ਜਿਉਂ ਵਿੱਚ ਅੰਮਾਰੀਆਂ ਦੇ
ਵਾਰਸ ਸ਼ਾਹ ਨਾ ਰਹਿਣ ਨਚੱਲੜੇ ਬਹਿ ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ