ਮੈਂ ਜਦ ਏਸ ਦਿਸ਼ਾ ਵਲ ਤੁਰਦਾਂ
ਮੇਰੇ ਅੰਦਰ ਬੁਝ ਬੁਝ ਜਾਂਦੇ
ਪਿਆਰ ਤੇ ਵਿਸ਼ਵਾਸ ਦੇ ਦੀਵੇ
ਏਸ ਦਿਸ਼ਾ ਵਿਚ ਐਸਾ ਕੀ ਏ
ਬਿਨ ਝੱਖੜ ਹੀ ਡੋਲਣ ਲੱਗਦੇ
ਆਸ ਅਤੇ ਧਰਵਾਸ ਦੇ ਦੀਵੇ
ਭੁੱਲ ਜਾਵਾਂ ਤਾਂ ਵੱਖਰੀ ਗੱਲ ਏ
ਯਾਦ ਕਰਾਂ ਤਾਂ ਅਜੇ ਵੀ ਸੱਲ ਏ
ਕੌਣ ਭਰਥਰੀ ਕਿਹੜੀ ਪਿੰਗਲਾ
ਕਿੱਥੇ ਹੋਏ
ਕਦ ਦੇ ਮੋਏ
ਮੇਰੇ ਮਨ ਦੀਆਂ ਮੜ੍ਹੀਆਂ ਉਤੇ
ਕਿਉਂ ਜਗ ਪੈਂਦੇ ਰਾਤ ਬਰਾਤੇ
ਦਰਦ ਭਰੇ ਇਤਿਹਾਸ ਦੇ ਦੀਵੇ
ਦੁੱਖ ਦਾ ਦੇਸ਼, ਹਿਜ਼ਰ ਦੀ ਦੁਨੀਆਂ
ਕਹਿਰ ਦਾ ਰਾਜ, ਸੁਖਨ ਦੀ ਦੇਹਲੀ
ਡੋਲ ਗਏ ਤਾਂ ਡੋਲ ਗਏ ਫਿਰ
ਮੈਂ ਕੀ ਕਰਾਂ, ਕਰੇਂ ਕੀ ਤੂੰ ਵੀ
ਰੱਤ ਦਾ ਤੇਲ, ਦਰਦ ਦੀਆਂ ਲਾਟਾਂ
ਰੂਹ ਦੀ ਪੌਣ, ਮਾਸ ਦੇ ਦੀਵੇ
ਕੀ ਦਿਸਿਆ ਇਹਨਾਂ ਦੀ ਲੋਏ
ਤੁਸੀਂ ਹਜ਼ੂਰ ਖਫਾ ਕਿਉਂ ਹੋਏ
ਮਾਰ ਕੇ ਫੂਕ ਬੁਝਾ ਕਿਉਂ ਦਿੱਤੇ
ਦੁੱਖ ਦੀ ਜੋਤ, ਦਾਸ ਦੇ ਦੀਵੇ
ਏਥੇ ਡੁਬਿਆਂ, ਓਥੇ ਉੱਗਿਆ
ਏਥੇ ਬੁਠਿਆ, ਓਥੇ ਜਗਿਆ
ਧਰਤ 'ਤੇ ਨ੍ਹੇਰ ਕਦੀ ਨਈਂ ਪੈਂਦਾ
ਦੂਰ ਕਿਤੇ ਜਗਦੇ ਰਹਿੰਦੇ ਨੇ
ਬੁੱਝ ਜਾਂਦੇ ਜਦ ਪਾਸ ਦੇ ਦੀਵੇ
ਬੰਦ ਨ ਕਰ ਤੂੰ ਸ਼ਬਦ ਕੋਸ਼ ਨੂੰ
ਕਾਇਮ ਰੱਖ ਵਿਵੇਕ ਹੋਸ਼ ਨੂੰ
ਦੱਦਾ ਦਰਦ ਦੇ ਨੇੜੇ ਤੇੜੇ
ਦੇਖੀਂ ਤੈਨੂੰ ਮਿਲ ਹੀ ਜਾਵਣਗੇ
ਧੱਧਾ ਧਰਵਾਸ ਦੇ ਦੀਵੇ
ਇਸ ਦੀਵੇ ਦੀ ਲੋਏ ਬਹਿ ਕੇ
ਨਿੱਬ ਦੀ ਨੋਕ ਤੇ ਕਾਗਜ਼ ਰਾਤੀਂ
ਘੁਸਰ ਮੁਸਰ ਕੀ ਗੱਲਾਂ ਕਰਦੇ
ਜੋ ਬੰਦੇ ਦੇ ਅੰਦਰ ਜਗਦੇ
ਝੱਖੜਾਂ ਵਿਚ ਵੀ ਬੁੱਝਦੇ ਨਾ ਜੋ
ਸਿਦਕ ਮਹੁੱਬਤ ਆਸ ਦੇ ਦੀਵੇ
ਜਾਣ ਖਿਲਾਫ ਘੁਮਾਰਾਂ ਦੇ ਜੋ
ਪੇਂਜਿਆਂ ਵਾਹੀਕਾਰਾਂ ਦੇ ਜੋ
ਤੇਲੀਆਂ ਤੇ ਤਰਖਾਣਾਂ ਦੇ ਜੋ
ਸਾਡੀ ਲੋਏ ਬਹਿ ਕੇ ਕੋਈ
ਐਸੇ ਅੱਖਰ ਪਾ ਨਹੀਂ ਸਕਦਾ
ਫੂਕ ਕੇ ਰੱਖ ਦਿਆਂਗੇ ਵਰਕੇ
ਅਸੀਂ ਹਾਂ ਕਾਠ-ਦਵਾਖੀ ਰੱਖੇ
ਮਿੱਟੀ ਤੇਲ ਕਪਾਸ ਦੇ ਦੀਵੇ
ਮਿੱਟੀ ਗੁੰਨ੍ਹੋ
ਚੱਕ ਚੜ੍ਹਾਵੋ
ਆਵੀ ਤਾਵੋ
ਅਤੇ ਪਕਾਵੋ
ਵੱਟੀਆਂ ਵੱਟੋ
ਤੇਲ ਚੁਆਵੋ
ਅੱਗ ਲਿਆਵੋ
ਲਾਟ ਛੁਆਵੋ
ਤਾਂ ਕਿਧਰੇ ਜਾ ਕੇ ਜਗਦੇ ਨੇ
ਖਾਬ ਖਿਆਲ ਕਿਆਸ ਦੇ ਦੀਵੇ
ਅਹੁ ਚੁੰਨੀ ਦਾ ਉਹਲਾ ਕਰ ਕੇ
ਥਾਲੀ ਦੇ ਵਿਚ ਦੀਵੇ ਧਰ ਕੇ
ਕਵਿਤਾ ਵਰਗੀ ਕਾਇਆ ਕੋਈ
ਬਾਲਣ ਚੱਲੀ ਸੱਚ ਦੀ ਦੇਹਲੀ
ਪਿਆਰ ਭਰੀ ਅਰਦਾਸ ਦੇ ਦੀਵੇ