ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ 'ਚਾ ਵੀ ਤਾਂ ਦੇ ਨੱਚਨ ਲਈ!
ਆਏ ਸਭ ਲਿਸ਼ਕਨ ਅਤੇ ਗਰਜਨ ਲਈ,
ਕੋਈ ਇਥੇ ਆਇਆ ਨਾ ਬਰਸਣ ਲਈ!
ਕੀ ਹੈ ਤੇਰਾ ਸ਼ਹਿਰ ਇਥੇ ਫੁਲ ਵੀ,
ਮੰਗਦੇ ਨੇ ਆਗਿਆ ਮਹਿਕਣ ਲਈ!
ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ,
ਸਿਰਫ ਖੰਜਰ ਰਹਿ ਗਿਆ ਲਿਸ਼ਕਨ ਲਈ!
ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੂੰ ਮੈਂ,
ਦਿਲ 'ਚ ਜਦ ਕੁਝ ਨਹੀਂ ਆਖਣ ਲਈ!
ਰੁੱਸ ਕੇ ਜਾਂਦੇ ਸੱਜਨਾ ਦੀ ਸ਼ਾਨ ਵੱਲ,
ਅੱਖੀਓ, ਦਿਲ ਚਾਹੀਦਾ ਦੇਖਣ ਲਈ!
ਸਾਂਭ ਕੇ ਰੱਖ ਦਰਦ ਦੀ ਇਸ ਲਾਟ ਨੂੰ,
ਚੇਤਿਆਂ ਵਿਚ ਯਾਰ ਨੂੰ ਦੇਖਣ ਲਈ!
ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ,
ਤੈਨੂ ਹਰ ਇਕ ਕੋਣ ਤੋਂ ਦੇਖਣ ਲਈ!
ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ,
ਓਸ ਨੂ ਪੂਰੀ ਤਰਾਂ ਸਮਝਣ ਲਈ!
ਵਿਛੜਨਾ ਚਾਹੁੰਦਾ ਹਾਂ ਤੈਥੋਂ ਹੁਣ,
ਅਰਥ ਆਪਣੀ ਹੋਂਦ ਦੇ ਜਾਨਣ ਲਈ!