ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ
ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ
ਤੇਰੇ ਉਚੇ ਦਰ 'ਤੇ ਦੀਵੇ ਬਾਲ ਕੇ
ਤੇਰੀਆਂ ਖ਼ੈਰਾਂ ਹੀ ਰਾਤੀਂ ਮੰਗੀਆਂ
ਲੰਘੀਆਂ ਹੋਈਆਂ ਗ਼ਮਾਂ ਦੀਆਂ ਪਲਟਣਾਂ
ਰਾਤ ਫਿਰ ਸੀਨੇ ਮੇਰੇ ਤੋਂ ਲੰਘੀਆਂ
ਕੌਣ ਇਨ੍ਹਾਂ ਦੇ ਸਾਵੇ ਪਹਿਰਨ ਲੈ ਗਿਆ
ਕਰ ਗਿਆ ਸ਼ਾਖਾਂ ਨੂੰ ਨੰਗ ਮੁਨੰਗੀਆਂ
ਰਾਤ ਉਹਨਾਂ ਮੂਰਤਾਂ ਤੋਂ ਡਰ ਗਿਆ
ਜੋ ਕਦੇ ਆਪੇ ਸੀ ਕੰਧੀ ਟੰਗੀਆਂ
ਰਾਤ ਇਕ ਦਰਿਆ ਸੁਣਾਉਂਦਾ ਸੀ ਗ਼ਜ਼ਲ
ਉਸ ਦੀਆਂ ਲਹਿਰਾਂ ਸੀ ਸੂਰਜ-ਰੰਗੀਆਂ
ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ
ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ