ਆਪੋਧਾਪੀ ਮੱਚ ਗਈ ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ
ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ
ਬਿਰਤੀ ਜਿਹੀ ਬਿਖੇਰਦਾ ਲੱਗੀ ਟੇਕ ਉਖੇੜਦਾ
ਸੁਰਤ ਭੁਲਾਈ ਜਾਂਵਦਾ ਅੱਖੀਂ ਘੱਟਾ ਪਾਂਵਦਾ
ਕੱਪੜ-ਲੀੜ ਉਡਾਂਵਦਾ ਝੱਖੜ ਆਇਆ ਲਾਂਭ ਦਾ
ਮੈਂ ਤਾਂ ਸਭ ਕੁਝ ਸਾਂਭਦਾ ਯਾਰੋ ਝੱਲਾ ਹੋ ਗਿਆ
ਬੀਤੇ ਦਾ ਨਾ ਜ਼ਿਕਰ ਕਰ ਬਸ ਤੂੰ ਅਗਲਾ ਫਿਕਰ ਕਰ
ਪੁੰਗਰੀ ਪੌਧ ਸੰਭਾਲ ਤੂੰ ਮਰ ਨਾ ਮਰਦੇ ਨਾਲ ਤੂੰ
ਹੁਣ ਕੀ ਬਹਿ ਕੇ ਰੋਵਣਾ ਗਮ ਦੀ ਚੱਕੀ ਝੋਵਣਾ
ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ
ਸਿਮ ਸਿਮ ਬਰਫਾਂ ਢਲਦੀਆਂ ਨਿਮ ਨਿਮ ਪਾਣੀ ਵਹਿ ਰਹੇ
ਛਮ ਛਮ ਕਣੀਆਂ ਵਰ੍ਹਦੀਆਂ ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ