ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ 'ਤੇ
ਚੁੰਝ-ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ 'ਤੇ
ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ
ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ 'ਤੇ
ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ 'ਤੇ
ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇ
ਕੋਲੋਂ ਲੰਘਦੇ ਹੌਂਕਦੇ ਬੰਦਿਆਂ ਦੀ ਰਫਤਾਰ 'ਤੇ
ਬੰਦੇ ਕਿੱਧਰ ਜਾ ਰਹੇ ? ਫੁੱਲ ਪੁੱਛਦੇ, ਰੁੱਖ ਆਖਦੇ
ਖੁਸ਼ ਹੋਵਣ ਜਾ ਰਹੇ, ਹਰ ਇਕ ਕਾਰ ਸਵਾਰ 'ਤੇ
ਸੁੱਕੇ ਪੱਤਿਆਂ ਵਾਂਗਰਾਂ ਕਿਧਰ ਉਡਦੇ ਜਾ ਰਹੇ
ਕੈਸਾ ਝੱਖੜ ਝੁੱਲਿਆ ਬੰਦਿਆਂ ਦੇ ਸੰਸਾਰ 'ਤੇ