ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ
ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ
ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ
ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ
ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ
ਸਾਜ਼ਿੰਦੇ ਪੁੱਛਦੇ ਸ਼ਾਜ ਨੂੰ, ਨਗਮਾ ਕਿੱਧਰ ਗਿਆ
ਪਲਕਾਂ ਵੀ ਖੂਬ ਲੰਮੀਆਂ, ਕਜਲਾ ਵੀ ਖੂਬ ਪਰ
ਉਹ ਤੇਰੇ ਸੁਹਣੇ ਨੈਣਾਂ ਦਾ ਸੁਪਨਾ ਕਿੱਧਰ ਗਿਆ
ਸਭ ਨੀਰ ਗੰਧਲ, ਸ਼ੀਸ਼ੇ ਧੁੰਧਲੇ ਹੋਏ ਇਸ ਤਰ੍ਹਾਂ
ਹਰ ਸ਼ਖਸ ਪੁੱਛਦਾ ਏ, ਮੇਰਾ ਚਿਹਰਾ ਕਿੱਧਰ ਗਿਆ
ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ
ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿੱਧਰ ਗਿਆ
ਧੁਖਦੀ ਜ਼ਮੀਨੋਂ ਉੱਠ ਕੇ ਅਰਸ਼ਾਂ 'ਤੇ ਪਹੁੰਚ ਕੇ
ਧੂੰਆਂ ਖਿਲਾਅ ਨੂੰ ਪੁੱਛਦਾ; ਅੱਲਾ ਕਿੱਧਰ ਗਿਆ
ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਉਹ ਕਹਿ ਸਕਣ
ਹਾਏ ਉਹ ਜਿਗਰੀ ਯਾਰਾਂ ਦਾ ਜਿਗਰਾ ਕਿੱਧਰ ਗਿਆ
ਬਣਿਆ ਖਬਰ ਅਖਬਾਰ ਦੀ, ਰੱਦੀ 'ਚ ਵਿਕ ਗਿਆ
ਟੁੱਕੜਾ ਜਿਗਰ ਦਾ, ਨੈਣਾਂ ਦਾ ਤਾਰਾ ਕਿੱਧਰ ਗਿਆ
ਹਰ ਵਾਰ ਛੱਬੀ ਜਨਵਰੀ ਮਾਯੂਸ ਪਰਤਦੀ
ਲੱਭਦੀ ਹੈ ਰੁੱਖ ਜੋ ਰੱਤ ਦਾ ਸੀ ਸਿੰਜਿਆ ਕਿੱਧਰ ਗਿਆ
ਕਿੱਥੇ ਗਏ ਉਹ ਯਾਰ ਮੇਰੇ, ਮੇਰਾ ਆਸਰਾ
ਉਹ ਧਰਮਾ, ਕਰਮਾ, ਸੁੱਚਾ ਤੇਰਾ ਪਿਆਰਾ ਕਿੱਧਰ ਗਿਆ
ਚੁੱਪ ਹੋ ਗਏ ਇਕ ਛਣਕਦੀ ਝਾਂਜਰ ਦੇ ਬੋਰ ਜਦ
ਮੇਲੇ 'ਚ ਸ਼ੋਰ ਮਚ ਗਿਆ ਮੇਲਾ ਕਿੱਧਰ ਗਿਆ
ਹੱਸਦਾ ਹੈ ਉਸ ਤੇ ਪੋਚ ਨਵਾਂ, ਪੁੱਛਦਾ ਇਕ ਬਜ਼ੁਰਗ
ਜਾਂਦਾ ਸੀ ਦਿਲ ਤੋਂ ਦਿਲ ਨੂੰ ਜੋ ਰਸਤਾ ਕਿੱਧਰ ਗਿਆ
ਸ਼ਾਇਰ ਤੇਰੇ ਕਲਾਮ ਵਿਚ ਹੁਣ ਪੁਖਤਗੀ ਤਾਂ ਹੈ
ਸਤਰਾਂ 'ਚੋਂ ਪਰ ਉਹ ਥਿਰਕਦਾ ਪਾਰਾ ਕਿੱਧਰ ਗਿਆ
'ਪਾਤਰ' ਨੂੰ ਜਾਣ ਜਾਣ ਕੇ ਪੁੱਛਦੀ ਹੈ ਅੱਜ ਹਵਾ
ਰੇਤੇ ਤੇ ਤੇਰਾ ਨਾਮ ਸੀ ਲਿੱਖਿਆ ਕਿੱਧਰ ਗਿਆ