ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ
ਤੂੰ ਕਰ ਨ ਕੋਈ ਲਿਹਾਜ਼ ਆ ਜਾ
ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ
ਤੂੰ ਜਾਲ ਰੀਤਾਂ ਰਿਵਾਜ ਆ ਜਾ
ਵਜੂਦ ਮੇਰਾ ਹਜ਼ਾਰ ਤਾਰਾਂ ਦਾ
ਬੇਸੁਰਾ ਅੱਜ ਏ ਸ਼ਾਜ ਆ ਜਾ
ਖਿਆਲ ਹੋ ਜਾਂ ਨੁਹਾਰ ਬਣ ਕੇ
ਐ ਸੋਜ਼ ਸਰਗਮਨਵਾਜ਼ ਆ ਜਾ
ਬਗੈਰ ਤੇਰੇ ਇਹ ਦਿਲ ਹੈ ਪੱਥਰ
ਹਵਾ ਹੈ ਗੁਮਸੁਮ ਫਿਜ਼ਾ ਹੈ ਬੋਝਲ
ਤੂੰ ਪੌਣ ਬਣ ਕੇ ਤੂੰ ਹੋ ਕੇ ਰਿਮਝਿਮ
ਐ ਨਜ਼ਮ ਨਾਜ਼ਕ ਮਿਜ਼ਾਜ ਆ ਜਾ
ਮੈਂ ਬੇਹੇ ਪਾਣੀ ਨੂੰ ਭਾਫ ਕਰਨਾ
ਮੈਂ ਫੇਰ ਕਣੀਆਂ ਦੇ ਵਾਂਗ ਵਰ੍ਹਨਾ
ਮੈਂ ਤੇਰੇ ਤੀਰਾਂ ਦਾ ਵਾਰ ਜਰਨਾ
ਐ ਮੇਰੇ ਸੂਰਜ ਸਿਰਾਜ ਆ ਜਾ
ਉਮੀਦ ਵਾਲੀ ਨ ਢਾਹ ਅਟਾਰੀ
ਨ ਬੰਦ ਕਰ ਇਹ ਉਡੀਕ ਬਾਰੀ
ਤੂੰ ਢੋ ਨ ਬੂਹੇ, ਬੁਝਾ ਨ ਦੀਵੇ
ਵਿਛੋੜਿਆ ਵੇ ਤੂੰ ਬਾਜ਼ ਆ ਜਾ