ਤੇਰੇ ਬਿਨ ਜੀ ਸਕੇ ਨਾ, ਇਉਂ ਤਾਂ ਨਹੀਂ,
ਤੇਰੇ ਬਿਨ ਦਿਨ ਪਰ ਇਉਂ ਗੁਜ਼ਰਦੇ ਨੇ
ਚੰਦ ਸੂਰਜ ਜਿਵੇਂ ਕਿ ਸਫ਼ਰੇ ਨੇ,
ਜੇਹੇ ਡੁਬਦੇ ਨੇ ਤੇਹੇ ਚੜ੍ਹਦੇ ਨੇ
ਲਫ਼ਜ਼ ਡਰਦੇ ਨੇ ਕੋਰੇ ਸਫਿਆਂ ਤੋਂ,
ਤੇ ਸਫ਼ੇ ਨਜ਼ਮ ਕੋਲੋਂ ਡਰਦੇ ਨੇ
ਅੱਗ ਦੇ ਲਾਂਬੂ ਧੂੰਏ ਦੀ ਭਾਸ਼ਾ ਵਿਚ,
ਤਰਜਮਾ ਹਰ ਸਤਰ ਦਾ ਕਰਦੇ ਨੇ
ਇਸ ਦਾ ਮਤਲਬ ਨ ਇਹ ਸਮਝ ਕਿ ਜਿਵੇਂ,
ਮੈਨੂੰ ਮਿੱਟੀ ਦੇ ਨਾਲ ਪਿਆਰ ਨਹੀਂ
ਜੇ ਮੈਂ ਆਖਾਂ ਕਿ ਅਜ ਇਹ ਤਪਦੀ ਹੈ,
ਜੇ ਮੈਂ ਆਖਾਂ ਕਿ ਪੈਰ ਸੜਦੇ ਨੇ
ਇਹ ਮੇਰੇ ਪਾਣੀਆਂ ਨੂੰ ਮਿਹਣਾ ਹੈ,
ਇਹ ਮੇਰੇ ਪਿਆਰ ਨੂੰ ਨਿਹੋਰਾ ਹੈ
ਮੇਰੇ ਹੁੰਦਿਆਂ ਬਹਾਰ ਦੀ ਰੁੱਤੇ,
ਤੇਰੇ ਟਾਹਣਾਂ ਤੋਂ ਪੱਤ ਝੜਦੇ ਨੇ
ਉਹ ਵੀ ਲੇਖਕ ਨੇ ਤਪਦੀ ਰੇਤ 'ਤੇ ਜੋ,
ਰੋਜ਼ ਲਿਖਦੇ ਨੇ ਹਰਫ਼ ਪੈੜਾਂ ਦੇ
ਉਹ ਵੀ ਪਾਠਕ ਨੇ ਸਰਦ ਰਾਤ 'ਚ ਜੋ,
ਤਾਰਿਆਂ ਦੀ ਕਿਤਾਬ ਪੜ੍ਹਦੇ ਨੇ
ਸੁੱਖਾਂ ਦੇ ਹਕਦਾਰ ਨੇ ਸਾਰੇ,
ਕੋਈ ਦੁੱਖਾਂ ਦਾ ਜ਼ਿੰਮੇਵਾਰ ਨਹੀਂ
ਕੋਈ ਖੁਦ ਜਗ ਕੇ ਨਾ ਬਣੇ ਸੂਰਜ,
ਧੁੱਪਾਂ ਮਲਣ ਨੂੰ ਸਾਰੇ ਲੜਦੇ ਨੇ
ਯਾਰ ਰੁੱਸੇ ਤੇ ਦੇਵਤੇ ਰੁੱਸੇ,
ਸਾਡੇ ਸਾਰੇ ਫਰੇਸ਼ਤੇ ਗੁੱਸੇ
ਸਾਡੇ ਚਿਹਰੇ ਦਾ ਕੋਈ ਅਕਸ ਨਹੀਂ,
ਨੀਰ ਕੋਲੋਂ ਦੀ ਇਉਂ ਗੁਜ਼ਰਦੇ ਨੇ