ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਂਵਾਂ
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ
ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਂਵਾਂ
ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ
ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ
ਮਾਰੂਥਲ ' ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ
ਪਰ ਓਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਹਵਾਂ
ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾਂ
ਮੈਂ ਸਾਗਰ ਦੇ ਕੰਢੇ ਬੈਠਾਂ ਕੋਰੇ ਕਾਗਜ਼ ਲੈ ਕੇ
ਓਧਰ ਮਾਰੂਥਲ ਵਿਚ ਮੈਨੂੰ ਟੋਲਦੀਆਂ ਕਵਿਤਾਵਾਂ
ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸ ਦੇ ਅੱਗੇ
ਕਈ ਹਜ਼ਾਰ ਰੁਲਦੀਆਂ ਚਿੱਠੀਆਂ 'ਤੇ ਮੇਰਾ ਸਰਨਾਵਾਂ
ਖੰਭਾਂ ਵਰਗੀਆਂ ਚਿੱਠੀਆਂ ਉਹਨਾਂ ਵਾਂਗ ਭਟਕ ਕੇ ਮੋਈਆਂ
ਮਰ ਜਾਂਦੇ ਨੇ ਪੰਛੀ ਜਿਹੜੇ ਚੀਰਦੇ ਸਰਦ ਹਵਾਵਾਂ
ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ
ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ
ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁਕ ਗਈਆਂ ਰਾਹਵਾਂ
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ