ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ
ਕਰ ਲਉ ਰੌਸ਼ਨੀ ਦਾ ਬੰਦੋਬਸਤ ਲੋਕੋ
ਸਾਡੀ ਜੂਨ ਓਹੀ, ਲੰਘ ਗਏ ਏਥੋਂ
ਕਿੰਨੇ ਜਨਵਰੀ ਅਤੇ ਅਗਸਤ ਲੋਕੋ
ਜੀਉਂਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇ
ਲਉ ਮੁਬਾਰਕਾਂ ਬੁੱਤ-ਪਰਸਤ ਲੋਕੋ
ਓਧਰ ਚੰਦ ਸੂਰਜ ਨਰਦਾਂ ਬਣਨ ਲੱਗੇ
ਨਿੱਕੀ ਜਿਹੀ ਸ਼ਤਰੰਜ ਵਿਚ ਮਸਤ ਲੋਕੋ
ਕੋਈ ਸਤਰ ਲਿਖਿਓ ਸਾਡੇ ਵਾਸਤੇ ਵੀ
ਐ ਪਰਚੰਡ ਕਵੀਓ ਸਿੱਧ-ਹਸਤ ਲੋਕੋ
ਕੋਈ ਪੰਧ ਲੱਭੋ. ਕੋਈ ਪੈਰ ਪੁੱਟੋ
ਉੱਠੋ ਡਿੱਗਿਓ ਢੱਠਿਓ ਪਸਤ ਲੋਕੋ
ਬਣੋ ਵਾਕ ਸੱਚੇ, ਬਣੋ ਸਾਕ ਸੱਚੇ
ਲਫਜ਼ੋਂ ਬਿਖਰਿਓ ਤੇ ਅਸਤ ਵਿਅਸਤ ਲੋਕੋ