ਮੈਂ ਛੁਹਣ ਲੱਗਾ ਤੈਨੂੰ
ਬਹੁ-ਚੀਤਕਾਰ ਹੋਇਆ
ਅੰਧੇਰ ਤੜਪ ਉੱਠੇ
ਸੌ ਸੰਖ ਨਾਦ ਵਿਲਕੇ
ਘੜਿਆਲ ਖੜਕ ਉਠੇ
ਚੁੱਲ੍ਹਿਓਂ ਨਿਕਲ ਮੁਆਤੇ
ਮਾਵਾਂ
ਪਤਨੀਆਂ
ਭੈਣਾਂ
ਦੇ ਸੀਨਿਆਂ 'ਚ ਸੁਲਗੇ
ਇਕ ਨਾਰ ਖੁੱਲ੍ਹੇ ਕੇਸੀਂ
ਕੂਕੀ ਤੇ ਦੌੜ ਉੱਠੀ
ਉਸ ਦੇ ਕਹਿਰ ਤੋਂ ਕੰਬੇ
ਕੁਲ ਦਿਉਤਿਆਂ ਦੇ ਪੱਥਰ
ਤੇ ਮੁਕਟ ਰਾਜਿਆਂ ਦੇ
ਸਤਿਗੁਰ ਹੋਏ ਕਰੋਪੀ
ਤੇ ਹੱਸੇ ਮੇਰੇ ਚੇਲੇ
ਮੈਂ ਹੱਥ ਅਪਣਾ ਤੇਰੀਆਂ ਤਾਰਾਂ ਤੋਂ ਦੂਰ ਕੀਤਾ
ਤਰਬਾਂ ਤੋਂ ਦੂਰ ਕੀਤਾ
ਮੈਂ ਹੋਂਠ ਦੂਰ ਕੀਤੇ
ਰਾਧਾ ਨੂੰ ਮੋਹਣ ਵਾਲੀ ਇਸ ਮਧੁਰ ਬੰਸਰੀ ਤੋਂ
ਡਰਿਆ ਮੈਂ ਰੁਕਮਦੀ ਦੀ
ਖ਼ਾਮੋਸ਼ ਵਿਲਕਣੀ ਤੋਂ
ਇਕ ਸਾਫ਼ ਉਜਲਾ ਵਰਕਾ
ਮੇਰੇ ਕਰੀਬ ਆਇਆ:
ਮੇਰੇ 'ਤੇ ਕੁਝ ਵੀ ਲਿਖ ਦੇਹ
ਨੇਕੀ ਬਦੀ ਦੀ ਕਰ ਦੇਹ ਸੱਜਰੀ ਨਿਸ਼ਾਨਦੇਹੀ
ਕੁਦਰਤ ਤੇ ਸਭਿਅਤਾ ਵਿਚ ਇਕ ਹੋਰ ਅਹਿਦਨਾਮਾ
ਤੂੰ ਅਪਣੀ ਇੱਛਾ ਵਰਗਾ ਉਪਨਿਸ਼ਦ ਨਵਾਂ ਰਚ ਦੇ
ਮੇਰੇ 'ਤੇ ਕੁਝ ਵੀ ਲਿਖ ਦੇਹ
ਤੂੰ ਆਪ ਮੁਕਤ ਹੋ ਜਾ
ਤੇ ਉਸਨੂੰ ਮੁਕਤ ਕਰ ਦੇਹ
ਤੂੰ ਆਪ ਨੀਰ ਹੋਵੇਂ
ਤੇ ਉਸ ਦੇ ਸੀਨੇ ਅੰਦਰ ਸੁਲਗਣ ਸਦਾ ਮੁਆਤੇ
ਇਹ ਤਾਂ ਸਹੀ ਨਹੀਂ ਨਾ
ਇਕ ਸਾਫ਼ ਉਜਲਾ ਵਰਕਾ
ਮੇਰੇ ਕਰੀਬ ਆਇਆ
ਤੇ ਲਿਖਣੋਂ ਡਰ ਗਿਆ ਮੈਂ