ਬਾਲ ਨਾਥ ਨੇ ਸਾਮਣੇ ਸੱਦ ਧੀਦੋ ਜੋਗ ਦੇਣ ਨੂੰ ਪਾਸ ਬਹਾਲਿਆ ਸੂ
ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ ਸਪੋ ਕੋੜਮੇ ਦਾ ਨਾਂਉ ਗਾਲਿਆ ਸੂ
ਕੰਨ ਪਾੜਕੇ ਝਾੜ ਕੇ ਲੋਭ ਬੋਦੇ ਇੱਕ ਪਲਕ ਵਿੱਚ ਮੁੰਨ ਵਖਾਲਿਆ ਸੂ
ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ ਜਾਪੇ ਦੁੱਧ ਪਵਾ ਕੇ ਪਾਲਿਆ ਸੂ
ਛਾਰ ਅੰਗ ਲਗਾ ਕੇ ਸਿਰ ਮੁੰਨ ਅੱਖੀਂ ਪਾ ਮੰਦਰਾਂ ਚਾ ਨਵਾਲਿਆ ਸੂ
ਖਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ ਰਾਂਝਾ ਜੋਗੀੜਾ ਸਾਰ ਵਖਾਲਿਆ ਸੂ
ਵਾਰਸ ਸ਼ਾਹ ਮੀਆਂ ਸੁਨਿਆਰ ਵਾਂਗੂੰ ਜੱਟ ਫੇਰ ਮੁੜ ਭੰਨ ਕੇ ਗਾਲ਼ਿਆ ਸੂ