ਦਿਨ ਚਾਰ ਬਣਾ ਸੁਕਾਅ ਮੁੰਦਰਾਂ ਬਾਲ ਨਾਥ ਦੀ ਨਜ਼ਰ ਗੁਜ਼ਾਰਿਆਂ ਨੇ
ਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ ਡਰਦੇ ਗੁਰੁ ਥੀਂ ਚਾ ਸਵਾਰਿਆਂ ਨੇ
ਜ਼ੋਰਾਵਰਾਂ ਦੀ ਕੱਲ੍ਹ ਹੈ ਬਹੁਤ ਮੁਸ਼ਕਲ ਜਾਣ ਬੁਝ ਕੇ ਬਦੀ ਵਸਾਰਿਆਂ ਨੇ
ਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆਂ ਨੇ
ਘੁਟ ਵਟ ਕੇ ਕਰੋਧ ਨੂੰ ਛਮਾਂ ਕੀਤਾ ਕਾਹੀ ਮੋੜ ਕੇ ਗੱਲ ਨਾ ਸਾਰਿਆਂ ਨੇ
ਗਹਿਣਾ ਕਪੜਾ ਕੁਲ ਤਾਰਾਜ ਕੀਤਾ ਹੁਸਨ ਬਾਨੋਨੀ ਚਾ ਉਜਾੜਿਆਂ ਨੇ
ਲਿਆ ਉਸਤਰਾ ਗੁਰੂ ਦੇ ਹੱਥ ਦਿੱਤਾ ਜੋਗੀ ਕਰਨ ਦੀ ਨੀਤ ਚਾ ਧਾਰਿਆਂ ਨੇ
ਵਾਰਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ ਲਖ ਵੈਰੀਆਂ ਧੱਕ ਕੇ ਮਾਰਿਆਂ ਨੇ