ਅੰਮੀਏ ਨਾ ਮਾਰ ਲਾਡਲੀ
ਵਿਗਿਆਨ ਦੁਨੀਆ ਦੇ ਹਰ ਖੇਤਰ ਵਿਚ ਆਪਣੀਆਂ ਲੀਹਾਂ ਛੱਡਦਾ ਜਾ ਰਿਹਾ ਹੈ। ਲੋਕ ਹੁਣ ਚੰਨ ਅਤੇ ਵਸਣ ਦੀ ਤਿਆਰੀ ਕਰ ਰਹੇ ਹਨ। ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਅੱਜ ਹਰ ਮਨੁੱਖ ਰੱਖਦਾ ਹੈ। ਮਨੁੱਖਤਾ ਦੀ ਟੀਸੀ ਤੇ ਪਹੁੰਚਣ ਲਈ ਅੱਜ ਹਰ ਵਿਅਕਤੀ ਆਪਣੇ ਸਰੀਰਿਕ ਅਤੇ ਮਾਨਸਿਕ ਸੰਤੁਲਣ ਨੂੰ ਅਰੋਗ ਅਤੇ ਸੁਡੋਲ ਰੱਖਦਾ ਹੈ। ਜਿਥੇ ਵਿਗਿਆਨ ਨੇ ਜਿੰਦਗੀ ਦੇ ਹਰ ਖੇਤਰ ਵਿਚ ਮਨੁੱਖ ਨੂੰ ਸਹੂਲਤਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਉਸ ਦੀ ਸੋਚ ਦਾ ਦਾਇਰਾ ਵਿਸ਼ਾਲ ਕੀਤਾ ਹੈ, ਉਥੇ ਇਸ ਦੇ ਬਹੁਤ ਸਾਰੇ ਮਾਡ਼ੇ ਪ੍ਰਭਾਵ ਵੀ ਪਏ ਹਨ। ਮੈਡੀਕਲ ਖੇਤਰ ਵਿਚ ਭਰੂਣ ਟੈਸਟ ਤਕਨਾਲੋਜੀ ਵਿਗਿਆਨ ਦੀ ਇਕ ਕਾਢ ਹੈ ਪਰ ਇਹ ਉਨ੍ਹਾਂ ਸਾਰੀਆਂ ਅਭਾਗਣ ਕੁਡ਼ੀਆਂ ਲਈ ਮੌਤ ਦਾ ਸੁਨੇਹਾਂ ਸਾਬਤ ਹੋਈ ਜਿਨ੍ਹਾਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਇਸ ਥਾਂ ਆ ਕੇ ਮਨੁੱਖ ਦੀ ਸੋਚ ਅਤੇ ਮਾਨਸਿਕਤਾ ਕੋਝੀ ਨਜ਼ਰ ਆਉਂਦੀ ਹੈ। ਕੁਡ਼ੀਆਂ ਨੂੰ ਕੁੱਖ ‘ਚ ਹੀ ਮਾਰਨ ਦਾ ਰੁਝਾਨ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਜੋ ਕਿ ਪੂਰੇ ਭਾਰਤ ਲਈ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵੱਡੇ-ਵੱਡੇ ਬੁੱਧੀ ਜੀਵੀਆਂ, ਨਾਵਲਕਾਰਾਂ, ਨੇਤਾਵਾਂ ਅਤੇ ਕਾਨੂੰਨ ਦੇ ਉਪਰਾਲੇ ਇਸ ਰੁਝਾਨ ਨੂੰ ਘੱਟ ਕਰਨ ਵਿਚ ਅਸਫਲ ਰਹੇ ਹਨ। ਇਥੇ ਆ ਕੇ ਸਾਡਾ ਕਾਨੂੰਨ ਵੀ ਮਹਿਜ ਦਰਸ਼ਕ ਬਣ ਕੇ ਰਹਿ ਜਾਂਦਾ ਹੈ।
ਇਸ ਵਿਚ ਕਸੂਰ ਕਿਸੇ ਇਕ ਦਾ ਨਹੀਂ ਹੈ। ਸਗੋਂ ਸਾਡਾ ਸਾਰਾ ਸਮਾਜ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਵਿਚ ਮਾਂ, ਪਿਉ, ਘਰ ਦੇ ਸਾਰੇ ਮੈਂਬਰ, ਡਾਕਟਰ, ਅਤੇ ਉਹ ਸਾਰੇ ਲੋਕ ਜਿੰਮੇਵਾਰ ਹਨ ਜਿਹਡ਼ੇ ਉਪਰੋਕਤ ਕਾਰਵਾਈ ਨੂੰ ਅੱਖੀਂ ਵੇਖ ਕੇ ਕੁਝ ਬੋਲਦੇ ਨਹੀਂ ਹਨ।
ਸਾਹੂਕਾਰ, ਅਮੀਰ ਲੋਕਾਂ ਵਲੋਂ ਆਪਣੀਆਂ ਲਡ਼ਕੀਆਂ ਦੇ ਵਿਆਹਾਂ ਵਿਚ ਕੀਤੇ ਜਾਂਦੇ ਰਾਜੇ ਮਹਾਰਾਜਿਆਂ ਵਾਲੇ ਖਰਚੇ ਕਰਕੇ ਅੱਜ ਸਮਾਜ ਵਿਚ ਲਡ਼ਕੀ ਇਕ ਹਊਆ ਬਣ ਕੇ ਰਹਿ ਗਈ ਹੈ। ਕਿਉਂਕਿ ਆਮ ਆਦਮੀ ਅੱਜ ਆਪਣੀ ਲਡ਼ਕਾ ਨੂੰ ਪਹਿਲਾਂ ਤਾਂ ਮਹਿੰਗੀ ਵਿਦਿਆ ਦੇ ਨਹੀਂ ਸਕਦਾ ਦੂਸਰਾ ਉਹ ਆਪਣੀ ਲਡ਼ਕੀ ਦੇ ਵਿਆਹ ਵਿਚ ਅਮੀਰਾਂ ਵਾਲੇ ਖਰਚੇ ਕਰਦਾ ਕਰਦਾ ਆਪਣਾ ਝੁੱਗਾ ਚੌਡ਼ ਕਰਾ ਲੈਂਦਾ ਹੈ ਅਤੇ ਸਾਰੀ ਉਮਰ ਉਹ ਆਪਣੇ ਸਿਰ ਚਡ਼੍ਹਿਆ ਕਰਜ਼ਾ ਉਤਾਰਦਾ ਮਰ ਜਾਂਦਾ ਹੈ। ਇਸ ਤਰ੍ਹਾਂ ਅਮੀਰ ਲੋਕਾਂ ਵੱਲੋਂ ਸਮਾਜ ਵਿਚ ਫੈਲਾਈ ਜਿਆਦਾ ਖਰਚ ਕਰਨ ਦੀ ਰੂਚੀ ਅਤੇ ਦਾਜ਼ ਵਿਚ ਅੱਤ ਮਹਿੰਗੀਆਂ ਵਸਤਾਂ ਆਪਣੀਆਂ ਕੁਡ਼ੀਆਂ ਨੂੰ ਦੇਣਾ ਵੀ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ।
ਇਕ ਰਿਪੋਰਟ ਮੁਤਾਬਕ ਕੁਡ਼ੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਵਾਲਿਆਂ ਵਿਚ ਮੱਧ ਵਰਗ ਦੇ ਲੋਕ ਜਿਆਦਾ ਹਨ। ਇਹ ਲੋਕ ਆਪਣੀ ਲਡ਼ਕੀ ਦੇ ਵਿਆਹ ਸਮੇਂ ਦਾਜ਼ ਦੇਣ ਤੋਂ ਅਸਮਰੱਥ ਹਨ ਕਿਉਂਕਿ ਉਹ ਆਪਣੀ ਹੀ ਰੋਟੀ-ਟੁੱਕ ਦਾ ਪ੍ਰਬੰਧ ਕਰਨ ਦੇ ਮਸਾਂ ਯੋਗ ਹੁੰਦੇ ਹਨ। ਬੇਰੁਜ਼ਗਾਰੀ ਵੀ ਇਕ ਅਜਿਹਾ ਕੋਹਡ਼ ਹੈ ਜਿਹਡ਼ਾ ਭਰੂਣ ਹੱਤਿਆ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਵਿਕਾਸ ਅਤੇ ਤਰੱਕੀ ਦੀ ਇਸ ਸਿਖਰ ਤੇ ਪਹੁੰਚ ਕੇ ਅੱਜ ਅਸੀਂ ਬਹੁਤ ਪਿੱਛੇ ਛੱਡਦੇ ਜਾ ਰਹੇ ਹਨ। ਅੱਜ ਔਰਤ ਜਿਹਡ਼ੀ ਆਪਣੀ ਧੀ ਨੂੰ ਕੁੱਖ ਵਿਚ ਹੀ ਮਾਰ ਰਹੀ ਹੈ ਉਹ ਇਹ ਵੀ ਭੁੱਲ ਰਹੀ ਹੈ ਕਿ ਉਹ ਵੀ ਕਿਸੇ ਦੀ ਧੀ ਹੈ। ਅੱਜ ਅਸੀਂ ਔਰਤਾਂ ਵਲੋਂ ਦੇਸ ਦੀ ਆਜ਼ਾਦੀ ਵੇਲੇ ਦੇ ਪਾਏ ਗਏ ਯੋਗਦਾਨ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰਨ ਦੀ ਵਿਉਂਤ ਬਣਾਈ ਬੈਠੇ ਹਾਂ। ਹਾਲਾਂ ਕਿ ਬਹੁਤੀਆਂ ਔਰਤਾਂ ਕਿਸੇ ਤੇ ਨਿਰਭਰ ਨਹੀਂ ਹਨ, ਅੱਜ ਦੀ ਔਰਤਾਂ ਆਪਣੇ ਪੈਰਾਂ ਤੇ ਆਪ ਖਡ਼੍ਹੀ ਹੈ ਅਤੇ ਵੱਡੇ-ਵੱਡੇ ਸਰਕਾਰੀ ਅਤੇ ਨਿਜੀ ਅਹੁਦਿਆਂ ਤੇ ਬਿਰਾਜਮਾਨ ਹਨ।
ਲੋਡ਼ ਹੈ ਅੱਜ ਸਮਾਜ ਵਿਚ ਫੈਲੀ ਇਸ ਬੀਮਾਰੀ ਨੂੰ ਨੱਥ ਪਾਉਣ ਦੀ, ਅੱਜ ਉਹ ਹਰ ਅਣਜੰਮੀ ਧੀ ਆਪਣੀ ਮਾਂ ਨੂੰ ਇਹੀ ਕਹਿ ਰਹੀ ਹੈ।
“ਜੋਡ਼ੀ,
ਅੰਮੀਏ ਨਾ ਮਾਰ ਲਾਡ਼ਲੀ
ਕੌਣ ਗਾਉਗਾ ਵੀਰੇ ਦੀ ਦੱਸ ਘੋਡ਼ੀ ।“
ਇਹਨਾਂ ਅਣਜੰਮੀਆਂ ਧੀਆਂ ਦਾ ਵੀ ਤਾਂ ਕੋਈ ਸੁਪਨਾ ਹੋਵੇਗਾ। ਜਿਹਡ਼ਾ ਪੂਰਾ ਹੋਣ ਤੋਂ ਪਹਿਲਾਂ ਹੀ ਦਫਨਾ ਦਿੱਤਾ ਜਾਂਦਾ ਹੈ। ਉਹਨਾਂ ਦੀਆਂ ਰੂਹਾਂ ਚਿੱਲਾ-ਚਿੱਲਾ ਕੇ ਸਮਾਜ ਨੂੰ ਇਹੀ ਕਹਿ ਰਹੀਆਂ ਹਨ
“ਆਖੋਂ ਮੇਂ ਸਪਨਾ ਸਾ ਹੈ, ਜੋ ਮੇਰਾ ਅਪਣਾ ਸਾ ਹੈ,
ਛੂ ਲੂੰ ਮੈਂ ਆਸਮਾਨ, ਐਸੀ ਹੋ ਮੇਰੀ ਉਡਾਨ।“
ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸਟੀਚਿਊਟ
ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ।
9815755184
ਕੰਨਿਆ ਭਰੂਣ ਹੱਤਿਆ ਨੂੰ ਰੋਕਨ ਲਈ ਸਮੁੱਚੇ ਸਿੱਖ ਜਗਤ ਦੇ ਵਿਚਾਰ ਲਈ ਸੁਝਾਅ
ਪੰਜਾਬੀ ਦੀਵਾਨਾਂ, ਇਕੱਠਾਂ ਦੌਰਾਨ “ਕੰਨਿਆ ਭਰੂਣ ਹੱਤਿਆ” ਅਤੇ “ਦਹੇਜ” ਵਿਰੁੱਧ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਬਾਰੇ ਦੱਸਿਆ ਜਾਵੇ। ਇਹ ਕਾਰਜ ਧਰਮ ਪ੍ਰਚਾਰਕ ਸੱਜਣ ਜਾਂ ਗ੍ਰੰਥੀ ਸਾਹਿਬਾਨ ਕਰ ਸਕਦੇ ਹਨ।
ਪਿੰਡਾ ਦੇ ਗੁਰੂਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਕਾਪੀ ਫਰੇਮ ਕਰਕੇ ਆਮ ਪਡ਼੍ਹਨਯੋਗ ਥਾਂ ਤੇ ਲਗਾਈ ਜਾਵੇ ਤਾਂ ਜੋ ਹਰ ਮਾਈ-ਭਾਈ ਇਸ ਨੂੰ ਪਡ਼੍ਹ ਸਕੇ। ਇਸ ਬਾਰੇ ਲਾਊਡਸਪੀਕਰ ਰਾਹੀਂ ਵੀ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਦੇ ਦੀਵਾਨ ਵਿਚ ਪ੍ਰਚਾਰ ਕੀਤਾ ਜਾਵੇ।
ਅਨੰਦ ਕਾਰਜ ਦੀ ਪਵਿੱਤਰ ਰਸਮ ਸਮੇਂ ਜਿੱਥੇ ਗ੍ਰੰਥੀ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਚੱਲਣ, ਅਮ੍ਰਿਤ ਪਾਨ ਕਰਨ ਅਤੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੰਦੇ ਹਨ, ਉਥੇ ਨਾਲ ਨਾਲ ਬੱਚੀਆਂ ਨਾਲ ਵਿਤਕਰਾ ਨਾ ਕਰਨ (ਸੋ ਕਿਉ ਮੰਦਾ ਆਖੀਐ....) ਅਤੇ ਗਰਭਕਾਲ ਦੌਰਾਨ ਕੁਡ਼ੀਆਂ ਨੂੰ ਨਾ ਮਾਰਨ ਦਾ ਸੁਨੇਹਾ ਵੀ ਦੇਣ।
ਸਿੰਘ ਸਭਾਵਾਂ ਜਾਂ ਹੋਰ ਪੰਥਕ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਗੁਰੂਦੁਆਰਿਆਂ ਦੇ ਮੈਂਬਰਾਨ ਸਕੂਲਾਂ ਕਾਲਜਾਂ ਵਿਚ ਸਮਾਜਿਕ ਕੁਰੀਤੀਆਂ ਬਾਰੇ ਸੈਮੀਨਾਰ, ਭਾਸ਼ਨ ਮੁਕਾਬਲੇ ਕਰਾਉਣ ਅਤੇ ਚੰਗੇ ਬੁਲਾਰਿਆਂ ਨੂੰ ਉਤਸਾਹਿਤ ਕਰਨ। ਇਹਨਾਂ ਧਾਰਮਿਕ ਆਗੂਆਂ, ਮੈਂਬਰਾਂ ਦੀ ਤਰੱਕੀ ਵੇਲੇ ਧਾਰਮਿਕ ਗਿਆਨ ਤੋਂ ਇਲਾਵਾ ਸਮਾਜ ਸੇਵਾ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ।
ਜਿਹਨਾਂ ਸਿੱਖ ਵਿਅਕਤੀਆਂ ਨੂੰ ਮਾਦਾ ਭਰੂਣ ਹੱਤਿਆ ਕਾਨੂੰਨ () ਅਧੀਨ ਸਜ਼ਾ ਹੁੰਦੀ ਹੈ, ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਪੰਥ ਵਿਚੋਂ ਛੇਕਿਆ ਜਾਵੇ।
ਬਿਨਾਂ ਦਾਜ-ਦਹੇਜ ਵਿਆਹ ਕਰਵਾਉਣ ਵਾਲੇ ਪਰਿਵਾਰ ਨੂੰ ਨੇਡ਼ੇ ਦੇ ਗੁਰੂਦੁਆਰਾ ਸਾਹਿਬ ਵਿਚ ਸਨਮਾਨਿਤ ਕੀਤਾ ਜਾਵੇ।
ਜੇਕਰ ਹੋ ਸਕੇ ਤਾਂ ਲਡ਼ਕੀਆਂ ਵਾਸਤੇ ਮੁਫਤ ਕਿਤਾਬਾਂ ਜਾ ਪ੍ਰਬੰਧ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰੇ, ਸਗੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿਚ ਲਡ਼ਕੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ, ਸਿੱਖਿਆ ਹੀ ਧਰਮ ਅਤੇ ਸਮਾਜ ਨੂੰ ਤਰੱਕੀ ਵੱਲ ਲੈ ਜਾ ਸਕਦੀ ਹੈ।
ਸਿੱਖ ਆਗੂ ਸਮਾਜ ਅਤੇ ਸੰਗਤ ਅੱਗੇ ਇਮਾਨਦਾਰ, ਸਬਰ ਸੰਤੋਖ ਅਤੇ ਸਮਾਜ ਸੇਵਾ ਵਾਲੀ ਸਖਸ਼ੀਅਤ ਦੇ ਤੌਰ ਤੇ ਵਿਚਰਨ ਅਤੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਨ।
ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਜ਼ੁਲਮ ਨਾ ਕਰਨ ਅਤੇ ਜ਼ੁਲਮ ਨਾ ਸਹਿਣ ਦੀ ਸਿੱਖਿਆ ਦਿੱਤੀ ਗਈ ਹੈ, ਲਡ਼ਕੀਆਂ ਉੱਤੇ ਹੁੰਦੇ ਜ਼ੁਲਮਾਂ ਬਾਰੇ ਵੀ ਇਹ ਲਾਗੂ ਹੋਵੇ, ਇਸ ਬਾਰੇ ਪਰਿਵਾਰ, ਗੁਆਂਢ ਵਿਚ ਹੁੰਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੀ ਪ੍ਰੇਰਨਾ ਹਰ ਸਿੱਖ ਨੂੰ ਦਿੱਤੀ ਜਾਵੇ।
ਜੇਕਰ ਹੋ ਸਕੇ ਤਾਂ ਗਰੀਬ ਅਤੇ ਜ਼ੁਲਮ ਦਾ ਸ਼ਿਕਾਰ ਲਡ਼ਕੀਆਂ ਜਾਂ ਔਰਤਾਂ ਨੂੰ ਕਾਨੂੰਨੀ ਸਹਾਇਤਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਜਾ ਸਕਦੀ ਹੈ।
ਰੋਜ਼ੀ ਸਿੰਘ
ਸੋ-ਫਾਇਨ ਕੰਪਿਉਟਰ ਇੰਸਟੀਚਿਊਟ
ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ।
9815755184