ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ। ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਵੀ ਬਣੀ ਹੋਈ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ।
ਜਨਮ
ਬੁਲ੍ਹੇ ਸ਼ਾਹ ਦਾ ਜਨਮ ਲਾਹੌਰ ਜਿਲੇ ਦੇ ਇੱਕ ਪਿੰਡ ਪੰਡੋਕੀ ਵਿਖੇ 1680 ਈ. ਵਿੱਚ ਸ਼ਖੀ ਮਹੁੰਮਦ ਦਰਵੇਸ਼ ਦੇ ਘਰ ਹੋਇਆ। ਬੁਲ੍ਹੇ ਸ਼ਾਹ ਦਾ ਅਸਲ ਨਾਮ ਅਬਦੁੱਲਾ ਸੀ ਅਤੇ ਪਿਛੋ ਉਸਨੂੰ ਸਾਈਂ ਬੁਲ੍ਹੇ ਸ਼ਾਹ, ਬਾਬਾ ਬੁਲ੍ਹੇ ਸ਼ਾਂਹ ਜਾਂ ਕੇਵਲ ਬੁਲ੍ਹਾ ਕਹਿ ਕੇ ਸੱਦਿਆ ਜਾਂਦਾ ਹੈ (‘ਨਾਫ਼ਿਅ-ਉਲ ਸਾਲਕੀਨ’ ਅਨੁਸਾਰ ਉਸ ਦਾ ਅਸਲ ਨਾਮ ‘ਅਬਦੁੱਲਾ ਸ਼ਾਹ’ ਸੀ) ਆਪਣੇ ਅਸਲ ਨਾਮ ਵੱਲ ਬੁਲ੍ਹੇ ਨੇ ਆਪਣੇ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਹਨ। ਚਾਲੀਸਵੀ ਗੰਢ ਦੇ ਅੰਤ ਉੱਪਰ ਇਹ ਇਉਂ ਕਹਿੰਦਾ ਹੈ:-
“ਹੁਣ ਇਨ ਅੱਲਾਹ ਆਖ ਕੇ ਤੁਮ ਕਰੋ ਦੁਆਈਂ,
ਪੀਆਂ ਹੀ ਸਭ ਹੋ ਗਿਆ ‘ਅਬਦੁੱਲਾ’ ਨਾਹੀਂ।”
ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ,ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮੀਂ ਪਿੰਡ ਵਿੱਚ ਹੋਇਆ। ਇੱਕ ਰਵਾਇਤ ਇਹ ਵੀ ਹੈ ਕਿ ਉਸ ਦਾ ਜਨਮ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉੱਚ ਗੀਲਾਨੀਆਂ ਵਿੱਚ ਹੋਇਆ। ਉਹ ਅਜੇ ਛੇ ਮਹੀਨੇ ਦਾ ਹੀ ਸੀ ਕਿ ਉਸ ਦੇ ਮਾਤਾ-ਪਿਤਾ ਉੱਚ ਗੀਲਾਨੀਆਂ ਤੋਂ ਪਹਿਲਾਂ ਮਲਕਵਾਲ ਤੇ ਫਿਰ ਉੱਥੇ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ। ਉਹ ਸੱਯਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ। “ਮੌਲਾ ਬਖ਼ਸ਼ ਕੁਸ਼ਤਾ ਦੇ ਕਥਨ ਅਨੁਸਾਰ ਬੁਲ੍ਹੇ ਸ਼ਾਹ ਦੇ ਵਾਲਿਦ ਸਖੀ ਮੁਹੰਮਦ ਦਰਵੇਸ਼ ਉੱਚ ਸਰੀਫ਼ ਗੀਲਾਨੀਆਂ ਜੀਲਾਨੀ(ਬਹਾਵਲਪੁਰ) ਦੇ ਰਹਿਣ ਵਾਲੇ ਸਨ। ਇੱਕ ਰਵਾਇਤ ਮੁਤਾਬਿਕ ਬੁਲ੍ਹੇ ਸ਼ਾਹ ਦੀ ਪੈਦਾਇਸ਼ ਉੱਚ ਗੀਲਾਨੀਆਂ(ਜੀਲਾਨੀਆ) ਵਿੱਚ ਹੋਈ।”
ਵਿੱਦਿਆ
ਬੁਲ੍ਹੇ ਸ਼ਾਹ ਨੇ ਮੁਢਲੀ ਸਿੱਖਿਆਂ ਦੂਜੇ ਬਾਲਕਾਂ ਵਾਂਗ ਆਪਣੇ ਪਿਤਾ ਸ਼ਖੀ ਮਹੁੰਮਦ ਦਰਵੇਸ਼ ਪਾਸੋਂ ਪ੍ਰਾਪਤ ਕੀਤੀ।ਵਾਰਿਸ ਸ਼ਾਹ ਦੇ ਵਾਂਗ ਬੁਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਾ ਹੋਇਆ। ਬੁੱਲੇਸ਼ਾਹ ਬਾਲਪੁਣੇ ਤੋਂ ਹੀ ਰੱਬ ਦਾ ਪਿਆਰਾ ਭਗਤ ਅਤੇ ਕਰਨੀ ਭਰਪੂਰ ਤੇ ਉੱਚ ਆਸ਼ਿਆਂ ਵਾਲਾ ਪ੍ਰਾਣੀ ਸੀ। ਬੁੱਲੇ ਸ਼ਾਹ ਨੇ ਸ਼ਾਹ ਅਨਾਇਤ ਕਾਦਰੀ ਨੂੰ ਆਪਣਾ ਗੁਰੂ ਧਾਰਨ ਕੀਤਾ। ਕੇਵਲ ਉਸ ਦੀ ਭੈਣ ਨੇ ਉਸਨੂੰ ਸਹੀਂ ਅਰਥਾਂ ਵਿੱਚ ਸਮਝਿਆ। ਉਹ ਵੀ ਬੁਲ੍ਹੇ ਵਾਂਗ ਪੱਕੀ ਸੂਫ਼ੀ ਸੀ। ਉਹ ਸਾਰੀ ਉਮਰ ਕੰਵਾਰੀ ਰਹੀ।
ਆਤਮਿਕ ਗਿਆਨ
ਮੁਢਲੀ ਵਿੱਦਿਆਂ ਪ੍ਰਾਪਤ ਕਰਨ ਪਿੱਛੋਂ ਕਸੂਰ ਆ ਗਏ। ਕਰਤਾ ‘ਨਾਫ਼ਿਅ-ਉਲ ਸਾਲਕੀਨ’ ਅਨੁਸਾਰ ਬੁਲ੍ਹੇ ਨੇ ਗੁਲਾਮ ਮੁਰਤਸਾ ਦੇ ਚਰਨਾ ਵਿੱਚ ਬਹਿ ਕੇ ਸਿੱਖਿਆ ਹਾਸਲ ਕੀਤੀ। ਮੌਲਵੀ ਸਾਹਿਬ ਬਹੁਤ ਵੱਡੇ ਫ਼ਾਰਸੀ ਅਰਬੀ ਦੇ ਆਲਿਮ ਸਨ। ਆਪ ਨੇ ਸੇਖ਼ ਸਾਅਦੀ ਦੀ “ਗੁਲਿਸਤਾਨ “ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਜ਼ਾਹਰੀ ਇਲਮ ਸਿੱਖਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ, ਜਵਾਨੀ ਵਿੱਚ ਪੈਰ ਧਰਿਆ ਤੇ ਕੁਝ ਮਜਜੂਬ ਹੋ ਗਏ। ਰੱਬੀ ਪਿਆਰ ਵਿੱਚ ਲੀਨ ਰਹਿਣ ਲੱਗੇ। “ ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ ਕਸੂਰ ਪਿੱਛੋਂ ਉਹ ਇੱਕ ਵਾਰ ਫਿਰਦੇ ਫਿਰਾਂਦੇ ਬਟਾਲਾ(ਗੁਰਦਾਸਪੁਰ) ਪਹੁੰਚੇ। ਮਨਸੂਰ ਵਾਂਝੂੰ ਮੂੰਹੋ ਨਿਕਲਿਆਂ ‘ਮੈਂ ਅੱਲ੍ਹਾ ਹਾਂ’(ਮਨਸੂਰ ਨੇ ਕਿਹਾ ਸੀ ਅਲਲੱਹਕ)।” ਲੋਕ ਬੁਲ੍ਹੇ ਨੂੰ ਦਰਬਾਰ ਫ਼ਾਜਲਾ ਦੇ ਮੋਢੀ ਸ਼ੇਖ ਫ਼ਾਜਿਲ-ਉਦ-ਦੀਨ ਕੋਲ ਲੈ ਗਏ। ਉਹਨਾਂ ਫ਼ਰਮਾਇਆਂ, ਇਹ ਸੱਚ ਕਹਿੰਦਾ ਹੈ, ਕਿ ਇਹ ‘ਅੱਲ੍ਹਾ’(ਅਰਥਾਤ ਕੱਚਾ,ਅੱਲ੍ਹੜ) ਹੈ; ਏਸਨੂੰ ਆਖੋ ਸ਼ਾਹ ਅਨਾਇਤ ਕੋਲ ਜਾ ਤੇ ਪੱਕ ਆਵੇ।
ਗੁਰੂ
ਬੁੱਲ੍ਹੇ ਸ਼ਾਹ ਵਿੱਦਿਆ ਪ੍ਰਾਪਤੀ ਪਿੱਛੋਂ ਮੁਰਸ਼ਦ ਜਾਂ ਗੁਰੂ ਦੀ ਭਾਲ ਸ਼ੁਰੂ ਕੀਤੀ। ਮੁਰਸ਼ਿਦ ਦੀ ਤਾਲਾਸ਼ ਵਿੱਚ ਉਹ ਲਾਹੌਰ ਪੁੱਜਿਆ। ਉਸ ਦੇ ਇੱਥੋਂ ਦੇ ਪ੍ਰਸਿੱਧ ਪੀਰ ਅਨਾਇਤ ਸ਼ਾਹ ਨੂੰ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦਾ ਅਰਾਈ ਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਗਿਣਿਆ ਜਾਂਦਾ ਸੀ। ਅਨਾਇਤ ਸ਼ਾਹ ‘ਹਜ਼ਰਤ ਰਜ਼ਾ ਸ਼ਾਹ ਸ਼ੱਤਾਰੀ ਦੇ ਮੁਰੀਦ ਸਨ। ਆਪਣੇ ਵੱਡਾ ਤਪ ਤੇ ਜ਼ੁਹਦ ਕੀਤਾ ਸੀ ਅਤੇ ਕਰਨੀ ਵਾਲੇ ਪੀਰ ਸਨ। ਅਨਾਇਤ ਸ਼ਾਹ ਪਹਿਲਾਂ ਕਸੂਰ ਰਹਿੰਦਾ ਸੀ। ਪਰ ਉੱਥੇ ਨਵਾਬ ਨਾਲ ਮਤਭੇਦ ਹੋ ਜਾਣ ਉੱਤੇ ਕਸੂਰ ਛੱਡ ਕੇ ਲਾਹੌਰ ਆ ਵੱਸਿਆ। ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ-ਭਗਤੀ ਵਿੱਚ ਬੁੱਲ੍ਹਾ ਮਸਤ ਮਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ। ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇਨ੍ਹਾਂ ਸ਼ਬਦਾਂ ਵਿੱਚ ਸਿੱਖਿਆ ਦਿੱਤੀ:-
ਬੁਲ੍ਹਿਆ! ਰੱਬ ਦਾ ਕੀ ਪਾਉਣਾ,
ਏਧਰੋਂ ਪੁੱਟਣਾ ਤੇ ਉੱਧਰ ਲਾਉਣਾ।
ਬੁਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ। ਆਪਣੇ ਕਲਿਆਣ ਦੀ ਦਾਰੂ ਉਸੇ ਨੂੰ ਮੰਨਦਾ ਸੀ। ਉਹ ਆਪਣੀ ਕਾਵਿ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ:-
“ਬੁਲ੍ਹੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਦਾਇਤ।
ਮੇਰਾ ਮੁਰਸ਼ਦ ਸ਼ਾਹ ਅਨਾਇਤ, ਉਹ ਲੰਘਾਇ ਪਾਰ।”
ਹੁਣ ਬੁੱਲ੍ਹੇ ਸ਼ਾਹ ਮਸਤ ਫ਼ਕੀਰ ਬਣ ਚੁੱਕਾ ਸੀ। ਉਸਨੂੰ ਦੁਨੀਆ ਜਾਂ ਦੁਨੀਆ ਦੇ ਲੋਕਾਂ, ਸਾਕਾਂ ਸੰਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਅਨੇ-ਮੇਹਣਿਆਂ ਦੀ ਵੀ ਕੋਈ ਚਿੰਤਾ ਨਹੀਂ ਸੀ। ਬੁੱਲ੍ਹਾ ਸੱਯਦ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸਨੇ ਅਰਾਈਂ ਜਾਤ ਦੇ ਦਰਵੇਸ਼ ਨੂੰ ਆਪਣਾ ਗੁਰੂ ਧਾਰ ਲਿਆ ਸੀ, ਜਿਸ ਕਾਰਨ ਉਸ ਦੇ ਸਾਕ ਅੰਗਾਂ ਵਿੱਚ ਚਰਚਾ ਛਿੜ ਪਈ ਅਤੇ ਜਦ ਬੁੱਲ੍ਹਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸ ਦੀਆਂ ਚਾਚੀਆ ਤਾਈਆਂ ਤੇ ਭੈਣਾਂ-ਭਰਾਜਾਈਆਂ ਉਸ ਦੇ ਦੁਆਲੇ ਆ ਜੁੜੀਆਂ ਤੇ ਬੁਰਾ ਭਲਾ ਕਹਿਣ ਲੱਗੀਆਂ ਕਿ ਉਸਨੇ ਕੁੱਲ ਨੂੰ ਸੱਯਦ ਹੋ ਕੇ ਲੀਕਾਂ ਲਾਈਆਂ ਹਨ। ਬੁਲ੍ਹੇ ਸ਼ਾਹ ਇੱਕ ਕਾਫ਼ੀ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ।
“ਬੁਲ੍ਹੇ ਨੂੰ ਸਮਝਣ ਆਈਆਂ,
ਭੈਣਾਂ ਤੇ ਭਰਜਾਈਆਂ,
ਆਲ ਨਬੀ ਔਲਾਦ ਅਲੀ ਦੀ,
ਬੁਲ੍ਹਿਆ ਤੂੰ ਕਿਉਂ ਲੀਕਾਂ ਲਾਈਆਂ?
ਮੰਨ ਲੈ ਬੁਲ੍ਹਿਆ ਸਾਡਾ ਕਹਿਣਾ,
ਛੱਡ ਦੇ ਪੱਲਾ ਰਾਈਆਂ।”
ਪਰ ਬੁੱਲ੍ਹਾ ਆਪਣੀ ਮੰਜ਼ਿਲ ਤੇ ਪੁੱਜ ਚੁੱਕਾ ਸੀ। ਉਸਨੂੰ ਹੁਣ ਨਾ ਸ਼ੁਹਰਤ ਦੀ ਪਰਵਾਹ ਸੀ ਤੇ ਨਾ ਹੀ ਨਾਮੋਸ਼ੀ ਦਾ ਫਿਕਰ। ਉਸਨੂੰ ਹੁਣ ਸੱਯਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ, ਉਸਨੂੰ ਤਾਂ ਅਰਾਈਂ ਦਾ ਮੁਰੀਦ ਹੋਣ ਦਾ ਵੱਡਾ ਫ਼ਖ਼ਰ ਸੀ।
“ਜਿਹੜਾ ਸਾਨੂੰ ਸੱਯਦ ਆਖੇ, ਦੋਜ਼ਖ ਮਿਲਣ ਸਾਈਆਂ,
ਜਿਹੜਾ ਸਾਨੂੰ ਅਰਾਈਂ ਆਖੇ,ਭਿਸ਼ਤੀ ਪੀਘਾਂ ਪਾਈਆ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਬੁਲ੍ਹਿਆ,
ਤਾਲਬ ਹੋ ਜਾ ‘ਰਾਈਆਂ’।”
ਰਚਨਾਵਾਂ
ਬੁੱਲੇ ਸ਼ਾਹ ਨੇ 156 ਕਾਫ਼ੀਆਂ, 1 ਬਾਰਾਮਾਂਹ, 40 ਗੰਢਾਂ, 1 ਅਠਵਾਰਾ, 3 ਸੀਹਰਫ਼ੀਆਂ ਤੇ 48 ਦੋਹੜੇ ਆਦਿ ਲਿਖੇ ਹਨ। ਸਭ ਤੋਂ ਵੱਧ ਪ੍ਰਸਿਧੀ ਉਸ ਦੀਆਂ ਕਾਫ਼ੀਆਂ ਨੂੰ ਮਿਲੀ ਹੈ। ਆਪ ਦੀ ਭਾਸ਼ਾ ਵਧੇਰੇ ਠੇਠ, ਸਾਦਾ ਅਤੇ ਲੋਕ ਪੱਧਰ ਦੇ ਨੇੜੇ ਦੀ ਹੈ। ਬੁੱਲੇ ਦੀ ਰਚਨਾ ਲੈਅਬੱਧ ਅਤੇ ਰਾਗਬੱਧ ਹੈ। ਉਸਨੇ ਰਚਨਾ ਵਿੱਚ ਅਲੱਕਾਰਾਂ, ਮੁਹਾਵਰਿਆਂ, ਲੋਕ-ਅਖਾਣਾਂ ਤੇ ਛੰਦ-ਤਾਲਾਂ ਨਾਲ ਸਿੰਗਾਰ ਦੇ ਪੇਸ਼ ਕੀਤਾ ਹੈ। ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਂਈ ਬੁੱਲੇ ਸ਼ਾਹ ਸੂਫ਼ੀ ਕਾਵਿ ਦਾ ਸਿਖ਼ਰ ਸੀ।