ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ।[2] ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।
ਜੀਵਨ
ਚਾਤ੍ਰਿਕ ਦਾ ਜਨਮ ਕਿੱਸਾਕਾਰ ਇਮਾਮਬਖ਼ਸ਼ ਦੇ ਪਿੰਡ ਪੱਸੀਆਂਵਾਲਾ, ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿੱਚ 4 ਅਕਤੂਬਰ, 1876 ਨੂੰ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਹੋਇਆ। ਉਹਨਾਂ ਦੀ ਅਜੇ ਬਾਲ ਉਮਰ ਹੀ ਸੀ ਕਿ ਰੋਜੀ ਦੇ ਚੱਕਰ ਵਿੱਚ ਪਰਿਵਾਰ ਨਾਨਕੇ ਪਿੰਡ ਲੋਪੋਕੇ, ਜ਼ਿਲਾ ਅੰਮ੍ਰਿਤਸਰ ਵਿੱਚ ਆ ਗਿਆ। ਆਰਥਿਕ ਤੰਗੀਆਂ ਕਾਰਨ ਰਸਮੀ ਸਿੱਖਿਆ ਪ੍ਰਾਇਮਰੀ ਤੱਕ ਹੀ ਸੀਮਤ ਹੋਕੇ ਰਹਿ ਗਈ ਅਤੇ ਵਸੀਕਾ ਨਵੀਸੀ ਸਿੱਖਣੀ ਪੈ ਗਈ। ਪਰ ਚੰਗੀ ਕਿਸਮਤ ਕਿ ਉਹਨਾਂ ਨੂੰ 17 ਸਾਲ ਦੀ ਉਮਰ ਵਿੱਚ ਹੀ ਭਾਈ ਵੀਰ ਸਿੰਘ ਦੇ 'ਵਜ਼ੀਰ ਹਿੰਦ ਪ੍ਰੈੱਸ' ਵਿੱਚ ਨੌਕਰੀ ਮਿਲ ਗਈ। ਇਥੇ ਕੰਮ ਕਰਦੇ ਸਮੇਂ ਉਹਨਾਂ ਨੂੰ ਕਵਿਤਾ ਲਿਖਣ ਦੀ ਚੇਟਕ ਲੱਗੀ। ਚਾਤ੍ਰਿਕ ਨੇ ਪੰਜਾਬੀ,ਉਰਦੂ ਅਤੇ ਫ਼ਾਰਸੀ ਦੀ ਮੁਢਲੀ ਵਿਦਿਆ ਪ੍ਰਾਪਤ ਕੀਤੀ ਅਤੇ ਉਸਦੀਆਂ ਕਵਿਤਾਵਾਂ ਖਾਲਸਾ ਸਮਾਚਾਰ ਤੇ ਖਾਲਸਾ ਯੰਗਮੈਨ ਨਾਮਕ ਮੈਗਜ਼ੀਨ ਵਿੱਚ ਛਪਣੀਆਂ ਸ਼ੁਰੂ ਹੋਈਆਂ। ਚਾਤ੍ਰਿਕ ਨੇ ਪਹਿਲਾਂ ' ਹਰਧਨੀ ' ਉਪ ਨਾਮ ਹੇਠ ਲਿਖਿਆ ਫੇਰ ' ਚਾਤ੍ਰਿਕ ' ਤਖ਼ਲਸ ਰੱਖ ਲਿਆ। 1924 ਵਿੱਚ ਓਹਨਾ ਸੁਦਰਸ਼ਨ ਪ੍ਰੇੱਸ ਦੀ ਸਥਾਪਨਾ ਕੀਤੀ। 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸਦਾ ਪ੍ਰਧਾਨ ਚੁਣਿਆ ਗਿਆ। ਇਸ ਸਭਾ ਵਿੱਚ ਸ. ਚਰਨ ਸਿੰਘ, ਮੌਲਾ ਬਖਸ਼ ਕੁਸ਼ਤਾ, ਹੀਰਾ ਸਿੰਘ ਦਰਦ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਵਿਧਾਤਾ ਸਿੰਘ ਤੀਰ, ਲਾਲਾ ਕਿਰਪਾ ਸਾਗਰ, ਫਜ਼ਲਦੀਨ ਅਤੇ ਉਸਤਾਦ ਹਮਦਮ ਵਰਗੇ ਉੱਘੇ ਸਾਹਿਤਕਾਰ ਸ਼ਾਮਿਲ ਸਨ।
ਰਚਨਾਵਾਂ
- ਭਰਥਰ ਹਰੀ (1905)
- ਨਲ ਦਮਯੰਤੀ (1906)
- ਫੁੱਲਾਂ ਦੀ ਟੋਕਰੀ (1904)
- ਧਰਮਵੀਰ (1908)
- ਚੰਦਨਵਾੜੀ (1931)
- ਕੇਸਰ ਕਿਆਰੀ (1940)
- ਨਵਾਂ ਜਹਾਨ (1995 )
- ਸੂਫ਼ੀਖ਼ਾਨਾ (1950)
- ਨੂਰਜਹਾਂ ਬਾਦਸ਼ਾਹ ਬੇਗਮ (1953)
ਸਾਹਿਤਕ ਜਾਣਕਾਰੀ
ਉਹਨਾਂ ਦੀ ਅੰਤਮ ਰਚਨਾ 1954 ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਕੀ ਸਾਰੀਆਂ ਗੁਰਮੁਖੀ ਲਿਪੀ ਵਿੱਚ ਹਨ। ਮੁਹਾਵਰੇਦਾਰ ਠੇਠ ਪੰਜਾਬੀ ਉਹਨਾਂ ਦੀ ਅੱਡਰੀ ਪਛਾਣ ਹੈ। ਉਹਨਾਂ ਦੀਆਂ ਅਰੰਭਕ ਕਵਿਤਾਵਾਂ ਉੱਤੇ ਤਾਂ ਆਤਮਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੂੰਘੀ ਛਾਪ ਸੀ। ਪਰ ਬਾਅਦ ਵਿੱਚ ਉਹਨਾਂ ਦਾ ਰੁਝਾਨ ਯਥਾਰਥਵਾਦ ਦੇ ਵੱਲ ਹੋਇਆ। ਉਹਨਾਂ ਦੇ ਯਥਾਰਥਵਾਦ ਵਿੱਚ ਪ੍ਰਗਤੀਸ਼ੀਲ ਤੰਦਾਂ ਉਘੜਵੀਆਂ ਹਨ। ਉਹਨਾਂ ਦੀ ਕਵਿਤਾਵਾਂ ਵਿੱਚ ਸੂਫ਼ੀਵਾਦ ਦੇ ਦਰਸ਼ਨ ਵੀ ਹੁੰਦੇ ਹਨ ਧਾਰਮਿਕ ਖੇਤਰ ਵਿੱਚ ਉਹ ਸੈਕੂਲਰ ਸਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ। ਉਹਨਾਂ ਦੇ ਹਲਕੇ ਫੁਲਕੇ ਗੀਤਾਂ ਵਿੱਚ ਵਿਅਕਤੀਗਤ ਪ੍ਰੇਮ ਦਾ ਇਜ਼ਹਾਰ ਵੀ ਹੈ। ਪਰ ਉਸ ਵਿੱਚ ਲੱਜਾ ਅਤੇ ਲੱਜਾ ਦੇ ਬੰਧਨ ਮੌਜੂਦ ਹਨ। ਅਜ਼ਾਦ ਭਾਰਤ ਦੀਆਂ ਸਮੱਸਿਆਵਾਂ, ਦੇਸ਼ ਅਤੇ ਸਮਾਜ ਵਿੱਚ ਉੱਨਤ ਅਤੇ ਅਵੁਨਤ ਪੱਖ ਸੂਫੀਖਾਨਾ ਵਿੱਚ ਭਲੀ ਪ੍ਰਕਾਰ ਚਿਤਰਿਤ ਹੋਏ ਹਨ। ਮਜ਼ਮੂਨਾਂ ਦੀ ਅਤੇ ਛੰਦਾਂ ਦੀ ਬਹੁਵਿਧਤਾ (ਖਾਸ ਤੌਰ 'ਤੇ ਬੈਂਤ, ਦੋਹਰਾ, ਕੋਰੜਾ) ਉਹਨਾਂ ਦੀਆਂ ਕਾਵਿਗਤ ਵਿਸ਼ੇਸ਼ਤਾਵਾਂ ਹਨ। ਉਹ ਲੋਕਮੁਖੀ ਸ਼ੈਲੀ ਵਿੱਚ ਲਿਖਦੇ ਸਨ। ਵਰਣਨਾਤਮਕ ਬਿਰਤਾਂਤਕ ਸ਼ੈਲੀ ਉਹਨਾਂ ਕਿਸਾਨੀ ਬਾਰੇ ਲਿਖੇ ਹੇਠਲੇ ਕਾਵਿ-ਟੁਕੜੇ ਵਿੱਚੋਂ ਭਲੀਭਾਂਤ ਦੇਖੀ ਜਾ ਸਕਦੀ ਹੈ:
ਸਾਉਣ ਮਾਂਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ,
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ,
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ,
ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀ,
ਚੜ੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ,
ਤਿੜ੍ਹਾਂ ਤਿੜਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛੱਡ ਦਿੱਤੇ ਖੁੱਲ੍ਹੇ ਪਾਲੀਆਂ ਨੇ,
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ ।
ਧਨੀ ਰਾਮ ਚਾਤ੍ਰਿਕ ਦੀ ਪੰਜਾਬ ਦੇ ਲੋਕਾਂ ਤੇ ਬਹੁਤ ਪ੍ਰਸਿੱਧ ਰਚਨਾਵਾਂ ਕੀਤੀਆਂ ਅਤੇ ਇਸੇ ਤਰਾਂ ਹੀ ਖੇਤੀ ਨੂੰ ਦਰਸਾਉਂਦੀ ਇਹ ਕਵਿਤਾ ਹਰੇਕ ਪੰਜਾਬੀ ਬੱਚੇ ਦੀ ਜੁਬਾਨ ਉੱਤੇ ਹੈ:-
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂਹੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,