ਗੁਰਦਿਆਲ ਸਿੰਘ (10 ਜਨਵਰੀ 1933 - 16 ਅਗਸਤ 2016) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਅਨੁਵਾਦਕ ਸੀ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਬਾਅਦ ਵਿੱਚ ਪੜ੍ਹਨ ਕਰਕੇ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਇਆ।
ਜ਼ਿੰਦਗੀ
ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਸ ਦੇ ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਵਾਰ ਵਿੱਚ ਹੋਇਆ। ਉਸ ਦਾ ਦਾਦਕਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਓਥੇ ਹੀ ਰਹਿੰਦੇ ਸੀ। ਉਸ ਦੇ ਤਿੰਨ ਭਰਾ ਤੇ ਇੱਕ ਭੈਣ ਹੈ। ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣਾ ਕੰਮ ਕੀਤਾ। ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਰਸ਼ਿਪ) ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲੇ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ ੧੯੯੫ ਵਿੱਚ ਪ੍ਰੋਫ਼ੈਸਰੀ ਤੋਂ ਸੇਵਾ ਮੁਕਤ ਹੋਏ। ਬਲਵੰਤ ਕੌਰ ਨਾਲ਼ ਓਹਨਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਲੜਕੇ ਅਤੇ ਦੋ ਲੜਕੀਆਂ ਦਾ ਜਨਮ ਹੋਇਆ। ਗਿਆਨ ਪੀਠ ਪੁਰਸਕਾਰ ਵਿਜੇਤਾ ਨਵਾਲਕਾਰ ਗੁਰਦਿਆਲ ਸਿੰਘ ਦਾ ਮਿਤੀ 16 ਅਗਸਤ 2016 ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ।
ਸਾਹਿਤਕ ਸਫ਼ਰ
ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ।[5] 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਅਨੁਸਾਰ 'ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ 'ਗੋਦਾਨ' ਅਤੇ ਫਰਣੇਸ਼ਵਰ ਰੇਣੂੰ ਦੇ 'ਮੈਲਾ ਆਂਚਲ' ਦੇ ਪੱਧਰ ਦਾ ਨਾਵਲ ਹੈ।
ਉਹ ਹੁਣ ਤੱਕ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਲਿਖੀਆਂ। ਉਸ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਇਸ ਸਾਹਿਤਕ ਯੋਗਦਾਨ ਬਦਲੇ ਉਸ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਿਲ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਆ ਗਿਆ ਹੈ। ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਆਈ. ਬੀ. ਸੀ. (ਯੂ. ਕੇ.) ਵੱਲੋਂ 20ਵੀਂ ਸਦੀ ਦੇ ਪੁਰਸਕਾਰਾਂ ਸਮੇਤ ਉਹ ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਵਿਜ਼ਟਿੰਗ ਪ੍ਰੋਫੈਸਰ ਦਾ ਸਨਮਾਨ ਵੀ ਸ਼ਾਮਿਲ ਹੈ।
ਜਿੱਥੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਸ ਨੂੰ 'ਸਾਡੇ ਸਮਿਆਂ ਦਾ ਸਭ ਤੋਂ ਵੱਡਾ ਲੇਖਕ' ਦਸਦੇ ਹਨ ਉਥੇ ਉੱਘੇ ਆਲੋਚਕ ਡਾ. ਟੀ. ਆਰ. ਵਿਨੋਦ ਉਸ ਨੂੰ 'ਪੰਜਾਬੀ ਦਾ ਪਹਿਲਾ ਫ਼ਿਲਾਸਫ਼ਰ ਗਲਪਕਾਰ' ਕਿਹਾ ਹੈ।
ਸਨਮਾਨ
- ਗੁਰਦਿਆਲ ਸਿੰਘ ਨੇ 1998 ਵਿੱਚ ਭਾਰਤੀ ਰਾਸ਼ਟਰਪਤੀ ਵੱਲੋਂ ਪਦਮ ਸ੍ਰੀ ਅਵਾਰਡ ਹਾਸਲ ਕੀਤਾ।
- ਇਸ ਤੋਂ ਬਿਨਾਂ 1999 ਵਿੱਚ ਗਿਆਨਪੀਠ ਅਵਾਰਡ,
- ਭਾਰਤੀ ਸਾਹਿਤ ਅਕਾਦਮੀ ਅਵਾਰਡ, ਅੱਧ ਚਾਨਣੀ ਰਾਤ (1975),
- ਨਾਨਕ ਸਿੰਘ ਨਾਵਲਿਸਟ ਅਵਾਰਡ (1975),
- ਸੋਵੀਅਤ ਨਹਿਰੂ ਅਵਾਰਡ (1986),
- ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਕਈ ਅਤੇ ਹੋਰ ਅਨੇਕ ਮਾਣ ਸਨਮਾਨ ਹਾਸਲ ਕੀਤੇ।
- ਨਾਵਲਕਾਰ ਸ. ਗੁਰਦਿਆਲ ਸਿੰਘ ਨਾਮ 2015 ਵਿਚ 'ਲਿਮਕਾ ਬੁੱਕ ਆਫ਼ ਰਿਕਾਰਡ' 'ਚ ਦਰਜ ਕੀਤਾ ਗਿਆ
- ਨਾਵਲ ਮੜ੍ਹੀ ਦਾ ਦੀਵਾ ’ਤੇ ਬਣੀ ਫਿਲਮ ਨੇ ਬੈਸਟ ਰੀਜ਼ਨਲ ਫ਼ਿਲਮ ਅਵਾਰਡ 1989 ਹਾਸਲ ਕੀਤਾ।
ਰਚਨਾਵਾਂ
ਨਾਵਲ
- ਮੜ੍ਹੀ ਦਾ ਦੀਵਾ (1964)
- ਅਣਹੋਏ
- ਰੇਤੇ ਦੀ ਇੱਕ ਮੁੱਠੀ
- ਕੁਵੇਲਾ
- ਅੱਧ ਚਾਨਣੀ ਰਾਤ
- ਆਥਣ ਉੱਗਣ
- ਅੰਨ੍ਹੇ ਘੋੜੇ ਦਾ ਦਾਨ
- ਪਹੁ ਫੁਟਾਲੇ ਤੋਂ ਪਹਿਲਾਂ
- ਪਰਸਾ (1992)
- ਆਹਣ (2009)
ਕਹਾਣੀ ਸੰਗ੍ਰਹਿ
- ਸੱਗੀ ਫੁੱਲ
- ਚੰਨ ਦਾ ਬੂਟਾ
- ਓਪਰਾ ਘਰ
- ਕੁੱਤਾ ’ਤੇ ਆਦਮੀ
- ਮਸਤੀ ਬੋਤਾ
- ਰੁੱਖੇ ਮਿੱਸੇ ਬੰਦੇ
- ਬੇਗਾਨਾ ਪਿੰਡ
- ਚੋਣਵੀਆਂ ਕਹਾਣੀਆਂ
- ਪੱਕਾ ਟਿਕਾਣਾ
- ਕਰੀਰ ਦੀ ਢਿੰਗਰੀ
- ਮੇਰੀ ਪ੍ਰਤਿਨਿਧ ਰਚਨਾ (ਪੰਜਾਬੀ ਯੂਨੀਵਰਸਿਟੀ)
ਨਾਟਕ
- ਫ਼ਰੀਦਾ ਰਾਤੀਂ ਵੱਡੀਆਂ
- ਵਿਦਾਇਗੀ ਤੋਂ ਪਿੱਛੋਂ
- ਨਿੱਕੀ ਮੋਟੀ ਗੱਲ
ਗਦ
- ਪੰਜਾਬ ਦੇ ਮੇਲੇ ’ਤੇ ਤਿਉਹਾਰ
- ਦੁਖੀਆ ਦਾਸ ਕਬੀਰ ਹੈ
- ਨਿਆਣ ਮੱਤੀਆਂ (ਆਤਮ ਕਥਾ-1)
- ਦੂਜੀ ਦੇਹੀ (ਆਤਮ ਕਥਾ-2)
- ਸਤਜੁਗ ਦੇ ਆਉਣ ਤੱਕ
- ਡਗਮਗ ਛਾਡ ਰੇ ਮਨ ਬਉਰਾ
- ਲੇਖਕ ਦਾ ਅਨੁਭਵ ਤੇ ਸਿਰਜਣ ਪ੍ਰਕਿਰਿਆ
- ਬੰਬਈ ਸ਼ਹਿਰ ਕਹਿਰ ਸਵਾ ਪਹਿਰ
ਬਾਲ ਕਿਰਤਾਂ
- ਬਕਲਮ ਖੁਦ
- ਟੁੱਕ ਖੋਹ ਲਏ ਕਾਵਾਂ
- ਲਿਖਤਮ ਬਾਬਾ ਖੇਮਾ
- ਗੱਪੀਆਂ ਦਾ ਪਿਉ
- ਮਹਾਂਭਾਰਤ
- ਧਰਤ ਸੁਹਾਵੀ
- ਤਿੰਨ ਕਦਮ ਧਰਤੀ
- ਖੱਟੇ ਮਿੱਠੇ ਲੋਕ
- ਜੀਵਨ ਦਾਸੀ ਗੰਗਾ
- ਕਾਲ਼ੂ ਕੌਤਕੀ
- ਢਾਈ ਕਦਮ ਧਰਤੀ
- ਜੀਵਨ ਦਾਤੀ ਗੰਗਾ(ਦੋ ਭਾਗ)
ਸੰਪਾਦਿਤ
- ਪੰਜਾਬੀ ਕਥਾ ਕਿਤਾਬ
ਅਨੁਵਾਦ
- ਮੇਰਾ ਬਚਪਨ (ਗੋਰਕੀ)
- ਭੁੱਲੇ ਵਿੱਸਰੇ(ਭਗਵਤੀ ਚਰਨ ਵਰਮਾ)
- ਮ੍ਰਿਗਨੇਨੀ(ਵਰਿੰਦਾਵਨ ਲਾਲ ਵਰਮਾ)
- ਬਿਰਾਜ ਬਹੂ(ਸ਼ਰਤ ਚੰਦਰ)
- ਜ਼ਿੰਦਗੀਨਾਮਾ (ਕ੍ਰਿਸ਼ਨਾ ਸੋਬਤੀ)