ਜਸਵੰਤ ਸਿੰਘ ਕੰਵਲ (ਜਨਮ 27 ਜੂਨ 1919 - 01 ਫਰਵਰੀ 2020) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸੀ। ਉਹ 2007 ਦਾ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਵਿਜੇਤਾ ਸੀ।
ਜ਼ਿੰਦਗੀ
ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮਾਹਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਕੰਵਲ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਸ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਸੀ। ਉਸ ਦੇ ਕਹਿਣ ਮੁਤਾਬਕ ਉਸ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦਾ ਹੈ। ਉਸ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ। ਪੰਜਾਬ ਦੀਆਂ ਵੱਖ-ਵੱਖ ਪੀੜ੍ਹੀਆਂ ਦੇ ਮੁੰਡੇ-ਕੁੜੀਆਂ ਨੂੰ ਜਿੰਨੀ ਊਰਜਾ ਕੰਵਲ ਦੇ ਪਾਤਰਾਂ ਨੇ ਦਿੱਤੀ, ਉਹ ਸ਼ਾਇਦ ਹੀ ਕਿਸੇ ਹੋਰ ਨਾਵਲਕਾਰ ਦੇ ਪਾਤਰਾਂ ਦੇ ਹਿੱਸੇ ਆਈ ਹੋਵੇ।
ਰਚਨਾਵਾਂ
ਪਾਲੀ
ਪਿਆਰ, ਪੀੜ, ਵੇਦਨਾ ਤੇ ਦਿਲੀ ਵਲਵਲਿਆਂ ਦਾ ਪ੍ਰਤੀਕ ਨਾਵਲ ‘‘ਪਾਲੀ ਉਨ੍ਹਾਂ ਦਾ ਦੂਜਾ ਨਾਵਲ ਸੀ। ਕੰਵਲ ਹੁਰਾਂ ਨਾਲ ਜਦ ਵੀ ਕਦੀ ਉਨ੍ਹਾਂ ਦੇ ਨਾਵਲਾਂ ਦੀ ਗੱਲ ਤੁਰੇ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇਹ ਨਾਵਲ ਪੜ੍ਹ ਕੇ ਹੀ, ਉਸ ਵੇਲੇ ਦੇ ਨਾਵਲ ਪਿਤਾਮਾ ਨਾਨਕ ਸਿੰਘ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਮਿਲਣ ਆਏ। ਉਸ ਵੇਲੇ ਦੀ ਗੱਲ ਸੁਣਾਉਂਦੇ ਹੋਏ ਦੱਸਦੇ ਹਨ, ‘‘ਮੈਂ ਦਫਤਰ ਵਿੱਚ ਬੈਠਾ ਸੀ ਕਿ ਪਿਛਿਓਂ ਕਿਸੇ ਨੇ ਆ ਕੇ ਮੇਰੇ ਮੋਢਿਆਂ 'ਤੇ ਦੋਵੇਂ ਹੱਥ ਰੱਖ ਦਿੱਤੇ। ਮੈਂ ਇੱਕ ਦਮ ਹੀ ਘਬਰਾ ਕੇ ਵੇਖਿਆ ਕਿ ਨਾਨਕ ਸਿੰਘ ਖੜ੍ਹੇ ਸਨ। ਮੈਂ ਘਬਰਾ ਕੇ ਖੜ੍ਹਾ ਹੋ ਗਿਆ ਤੇ ਕਿਹਾ, ਮੈਨੂੰ ਬੁਲਾਵਾ ਭੇਜ ਦਿੰਦੇ ਮੈਂ ਆਪ ਚਲ ਕੇ ਆਉਂਦਾ, ਤੁਸੀਂ ਕਿਉਂ ਇੰਨਾ ਕਸ਼ਟ ਕਿਉਂ ਕੀਤਾ। ਤਦ ਨਾਨਕ ਸਿੰਘ ਕਹਿਣ ਲੱਗੇ ਕਿ ਮੈਂ ਸਿਰਫ ਤੈਨੂੰ ਸਿਰਫ ਇਹੀ ਕਹਿਣ ਆਇਆ ਹਾਂ, ਕਿ ‘‘ਤੂੰ ਬਹੁਤ ਵਧੀਆ ਲਿਖਦਾ ਹੈ, ਲਿਖਣਾ ਨਾ ਛੱਡੀ।
ਪੂਰਨਮਾਸ਼ੀ
ਪੰਜਾਬ ਦੇ ਸਾਹਿਤ ਦੇ ਮਾਲਾ ਦਾ ਮੋਤੀ ਤੇ ਅਸਲ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ, ਪੇਂਡੂ ਜੀਵਨ ਦੀ ਝਲਕ ਦਿਖਲਾਉਂਦਾ ਨਾਵਲ ‘‘ਪੂਰਨਮਾਸ਼ੀ ਉਨ੍ਹਾਂ ਦਾ ਤੀਜਾ ਅਤੇ ਹਰ ਪੰਜਾਬੀ ਦੀ ਪਸੰਦ ਦਾ ਪਹਿਲਾ ਨਾਵਲ ਹੈ। ‘‘ਰਾਤ ਬਾਕੀ ਹੈ ਉਨ੍ਹਾਂ ਦਾ ਚੌਥਾ ਨਾਵਲ ਸੀ। ਇਹ ਨਾਵਲ ਉਨ੍ਹਾਂ ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ 'ਤੇ ਸੀ। ਇਸ ਤੋਂ ਬਾਅਦ ਇਸ ਦਾ ਪਤਨ ਸ਼ੁਰੂ ਹੋ ਗਿਆ।
ਕੰਵਲ ਹੁਰਾਂ ਦੇ ਇਸ ਨਾਵਲ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਇੱਕ ਖੂਬਸੂਰਤ ਮੋੜ ਲਿਆਂਦਾ। ਸੂਰਜਪੁਰ ਫੈਕਟਰੀ ਵਿੱਚ ਮੈਡੀਕਲ ਇੰਚਾਰਜ ਲੱਗੀ ਇੱਕ ਕੁੜੀ ‘‘ਡਾ ਜਸਵੰਤ ਕੌਰ ਨੇ ਉਨ੍ਹਾਂ ਨਾਲ ਖਤੋ-ਕਿਤਾਬਤ ਦਾ ਸਿਲਸਿਲਾ ਸ਼ੁਰੂ ਕੀਤਾ। ਉਹ ਕੁੜੀ ਬਾਅਦ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਬਣੀ ਡਾ ਜਸਵੰਤ ਗਿੱਲ। ਡਾ ਜਸਵੰਤ ਗਿੱਲ ਤੇ ਜਸਵੰਤ ਸਿੰਘ ਕੰਵਲ ਹੁਰੀਂ 1955 ਤੋਂ 1997 ਤੱਕ (42 ਸਾਲ) ਇਕੱਠੇ ਰਹੇ। ਕੰਵਲ ਹੁਰਾਂ ਦੇ ਕਹਿਣ ਮੁਤਾਬਕ ਡਾ ਜਸਵੰਤ ਗਿੱਲ ਹੀ ਉਨ੍ਹਾਂ ਦੇ ਸਾਹਿਤਕ ਸਫਰ ਵਿੱਚ ਉਨ੍ਹਾਂ ਦਾ ਆਦਰਸ਼ ਸੀ ਜਿਸ ਨੇ ਉਨ੍ਹਾਂ ਨੂੰ ਲਿਖਣ ਵੱਲ ਪ੍ਰੇਰਿਤ ਕੀਤਾ।
ਲਹੂ ਦੀ ਲੋਅ
ਸਿਦਕੀ, ਸਿਰੜੀ ਤੇ ਸਾਹਸੀ ਕੰਵਲ ਨੇ ਜ਼ਿੰਦਗੀ ਵਿੱਚ ਉਹ ਕੁਝ ਹੀ ਕੀਤਾ, ਜੋ ਉਨ੍ਹਾਂ ਦੇ ਮਨ ਵਿੱਚ ਆਇਆ। ਡਰ, ਭੈਅ ਤੇ ਪ੍ਰੇਸ਼ਾਨੀਆਂ ਉਸ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ। ਲਿਖਦਿਆਂ- ਲਿਖਦਿਆਂ ਹੀ ਉਨ੍ਹਾਂ ਦੇ ਅੰਦਰ ਇੰਨੀ ਸੂਰਮਤਾਈ ਆਈ ਕਿ ਉਨ੍ਹਾਂ ਨੇ 70ਵਿਆਂ ਦੇ ਵਿੱਚ ਪੰਜਾਬ ਦਸ਼ ਤੇ ਕੌਮ ਦੇ ਹਾਲਾਤਾਂ ਦੇ ਮੱਦੇਨਜ਼ਰ ‘‘ਲਹੂ ਦੀ ਲੋਅ ਵਰਗੀ ਰਚਨਾ ਲਿਖ ਦਿੱਤੀ। 1971 ਤੋਂ 1972 ਤੱਕ ਉਨ੍ਹਾਂ ਨੇ ਇਸ ਨਾਵਲ ਦੇ ਖਰੜੇ ਤਿਆਰ ਕੀਤੇ। ਉਧਰ ਦੇਸ਼ ਵਿੱਚ ਐਮਰਜੈਂਸੀ ਲੱਗ ਗਈ। ਜਿਹੜੇ ਪਬਲਿਸ਼ਰ ਕਦੇ ਨਾਵਲ ਛਾਪਣ ਲਈ ਉਨ੍ਹਾਂ ਦੇ ਮਗਰ-ਮਗਰ ਫਿਰਦੇ ਸਨ, ਉਹ ‘‘ਲਹੂ ਦੀ ਲੋਅ ਵਰਗੀ ਰਚਨਾ ਛਾਪਣੋਂ ਡਰ ਗਏ। ਛਾਪੇਖਾਨਿਆਂ 'ਤੇ ਛਾਪੇ ਪੈਣ ਲੱਗ ਪਏ ਤੇ ਸਖਤ ਸੈਂਸਰਸ਼ਿਪ ਲਾਗੂ ਹੋ ਗਈ। ਕਿਸੇ ਪਬਲਿਸ਼ਰ ਨੇ ਹੌਸਲਾ ਨਹੀਂ ਕੀਤਾ ਕਿ ਉਹ ਉਨ੍ਹਾਂ ਦਾ ਨਾਵਲ ਛਾਪ ਸਕਣ। ਅਖੀਰ ‘‘ਲਹੂ ਦੀ ਲੋਅ ਨਾਵਲ ਸਿੰਗਾਪੁਰ ਵਿੱਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿੱਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿੱਚ ਵੀ ਸਮਗਲ ਹੋਈਆਂ ਤੇ ਹੱਥੋਂ ਹੱਥੀਂ ਵਿਕ ਗਈਆਂ। ਉਸ ਵੇਲੇ ਨਾਵਲ ਦੀ ਕੀਮਤ ਤੀਹ ਰੁਪਏ ਸੀ। ਐਮਰਜੈਂਸੀ ਟੁੱਟੀ ਤੇ ਆਰਸੀ ਵਾਲਿਆਂ ਨੇ ਨਾਵਲ ਦੀ ਕੀਮਤ 15 ਰੁਪਏ ਰੱਖ ਦਿੱਤੀ। ਉਸ ਨਾਵਲ ਦੀਆਂ ਬਾਰਾਂ ਹਾਜ਼ਾਰ ਤੋਂ ਵੀ ਵੱਧ ਕਾਪੀਆਂ ਵਿਕੀਆਂ।
ਤੌਸ਼ਾਲੀ ਦੀ ਹੰਸੋ
ਕੰਵਲ ਦਾ ਨਾਵਲ 'ਤੌਸ਼ਾਲੀ ਦੀ ਹੰਸੋ' ਸਾਹਿਤ ਅਕਾਦਮੀ ਐਵਾਰਡ ਨਾਲ ਨਿਵਾਜਿਆ ਹੋਇਆ ਨਾਵਲ ਹੈ। ਇਸ ਬਾਬਤ ਉਹ ਕਹਿੰਦੇ ਹਨ ਕਿ ਉੜੀਸਾ ਵਿੱਚ ਘੁੰਮਦਿਆਂ 'ਤੌਸ਼ਾਲੀ ਦੀ ਹੰਸੋ' ਉਸਦੇ ਜ਼ਿਹਨ ਵਿੱਚ ਉਭਰੀ। ਭੁਬਨੇਸ਼ਵਰ ਲਾਗੇ ਇੱਕ ਪਹਾੜੀ ਚਟਾਨ ਤੇ ਬੋਧੀਆਂ ਦਾ ਮੱਠ ਹੈ। ਉਥੇ ਖੜ੍ਹ ਕੇ ਜਦ ਮੈਂ ਦੂਰ ਹੇਠਾਂ ਤੱਕ ਵੇਖਿਆ, ਤਾਂ ਮੈਨੂੰ ਕਲਿੰਗਾ ਦੀ ਯਾਦ ਆ ਗਈ। ਅਸ਼ੋਕ ਨੇ ਉਥੇ ਬਹੁਤ ਕਤਲੇਆਮ ਕੀਤਾ ਸੀ। ਤੌਸ਼ਾਲੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਮੈਨੂੰ ਮਰ ਰਹੇ ਲੱਖਾਂ ਸਿਪਾਹੀ ਫੌਜੀਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਾਈ ਦਿੱਤੀਆਂ। ਲਾਸ਼ਾਂ ਦੇ ਢੇਰ ਦਿੱਸੇ। ਮੈਂ ਸੋਚਿਆ, ਘੱਟ ਗਿਣਤੀ ਸਦਾ ਹੀ ਕੁੱਟ ਖਾਂਦੀ ਆ ਰਹੀ ਹੈ। ਪੰਜਾਬ ਦਾ ਸੰਤਾਪ ਮੇਰੇ ਮੂਹਰੇ ਆਇਆ। ਭਾਰਤ ਨੂੰ ਆਜ਼ਾਦੀ ਮਿਲ ਗਈ, ਪਰ ਘੱਟ-ਗਿਣਤੀਆਂ ਨੂੰ ਕਦੇ ਵੀ ਆਜ਼ਾਦੀ ਦਾ ਲਾਭ ਨਾ ਮਿਲਿਆ। ਤੌਸ਼ਾਲੀ ਦੀ ਰਾਜਧਾਨੀ ਹੰਸੋ ਦੀ ਇੱਕ ਇਕ ਗੱਲ ਨੇ ਮੈਨੂੰ ਟੁੰਬਿਆ ਕਿ ਉਹ ਆਪਣੇ ਲੋਕਾਂ ਲਈ ਮਰਦੀ ਸੀ। ਇਹ ਵੀ ਸੱਚ ਹੈ ਕਿ ਕੰਵਲ ਹੁਰਾਂ ਦਾ ਮਨਪਸੰਦ ਨਾਵਲ ਤੌਸ਼ਾਲੀ ਦੀ ਹੰਸੋ ਹੀ ਹੈ। ਉਹ ਕਹਿੰਦੇ ਹਨ ਕਿ ਇਹ ਨਾਵਲ ਲਿਖ ਕੇ ਹੀ ਮੈਨੂੰ ਰੂਹ ਦਾ ਰੱਜ ਮਿਲਿਆ। ਕੰਵਲ ਨੇ ਕੋਈ ਤੀਹ ਤੋਂ ਵੱਧ ਨਾਵਲ, ਦਸ ਕਹਾਣੀ ਸੰਗ੍ਰਹਿ, ਚਾਰ ਨਿਬੰਧ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਇਸ ਖਜ਼ਾਨੇ ਨੂੰ ਅਮੀਰ ਕੀਤਾ।
ਰਚਨਾਵਾਂ ਦੀ ਸੂਚੀ - ਸ਼੍ਰੇਣੀ ਮੁਤਾਬਕ
ਨਾਵਲ
- ਸੱਚ ਨੂੰ ਫਾਂਸੀ - 1944
- ਪਾਲੀ - 1946
- ਪੂਰਨਮਾਸ਼ੀ - 1949
- ਜ਼ਿੰਦਗੀ ਦੂਰ ਨਹੀਂ - 1953
- ਰਾਤ ਬਾਕੀ ਹੈ - 1954
- ਸਿਵਲ ਲਾਈਨਜ਼ - 1956
- ਰੂਪਧਾਰਾ - 1959
- ਹਾਣੀ - 1961
- ਭਵਾਨੀ - 1963
- ਮਿੱਤਰ ਪਿਆਰੇ ਨੂੰ - 1966
- ਜੇਰਾ - 1968
- ਬਰਫ਼ ਦੀ ਅੱਗ - 1970
- ਤਾਰੀਖ਼ ਵੇਖਦੀ ਹੈ - 1973
- ਲਹੂ ਦੀ ਲੋਅ – 1975
- ਮਨੁੱਖਤਾ - 1979
- ਮੋੜਾ - 1980
- ਸੁਰ ਸਾਂਝ - 1984
- ਐਨਿਆਂ 'ਚੋਂ ਉੱਠੋ ਸੂਰਮਾਂ - 1985
- ਅਹਿਸਾਸ – 1990 ਅਪ੍ਰੈਲ
- ਖੂਬਸੂਰਤ ਦੁਸ਼ਮਣ - 1992
- ਤੋਸ਼ਾਲੀ ਦੀ ਹੰਸੋ – 1993 ਅਗਸਤ 6
- ਚਿੱਕੜ ਦੇ ਕੰਵਲ - 1996
- ਰੂਪਮਤੀ - 1996
- ਖੂਨ ਕੇ ਸੋਹਿਲੇ ਗਾਵੀਅਹਿ ਨਾਨਕ (ਭਾਗ-1) -1996
- ਖੂਨ ਕੇ ਸੋਹਿਲੇ ਗਾਵੀਅਹਿ ਨਾਨਕ (ਭਾਗ-2) -1997
- ਮੁਕਤੀ ਮਾਰਗ – 1997
- ਇਕ ਹੋਰ ਹੈਲਨ – 2001
- ਸੁੰਦਰਾਂ – 2005
- ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ - 2006
ਕਹਾਣੀਆਂ
- ਕੰਡੇ - 1950
- ਸੰਧੂਰ - 1957
- ਰੂਪ ਦੇ ਰਾਖੇ - 1960
- ਫੁੱਲਾਂ ਦਾ ਮਾਲੀ - 1962
- ਰੂਹ ਦਾ ਹਾਣ - 1966
- ਮਾਈ ਦਾ ਲਾਲ - 1972
- ਹਾਉਕਾ ਤੇ ਮੁਸਕਾਣ – 1983 ਜਨਵਰੀ
- ਗਵਾਚੀ ਪੱਗ - 1985
- ਜੰਡ ਪੰਜਾਬ ਦਾ - 1995
- ਲੰਮੇ ਵਾਲਾਂ ਦੀ ਪੀੜ - 1995
- ਸਾਂਝੀ ਪੀੜ – 2003
ਰੇਖਾ ਚਿੱਤਰ
- ਗੋਰਾ ਮੁੱਖ ਸੱਜਣਾ ਦਾ - 1974
- ਜੁਹੂ ਦਾ ਮੋਤੀ - 1980
- ਮਰਨ ਮਿੱਤਰਾਂ ਦੇ ਅੱਗੇ – 1980
- ਚਿਹਰੇ ਮੋਹਰੇ - 2014
- ਸੰਖੇਪ ਜੀਵਨੀ ਲਾਲਾ ਲਾਜਪਤ ਰਾਇ
ਕਵਿਤਾ
- ਜੀਵਨ ਕਣੀਆਂ (ਖਿਆਲ, ਕਾਵਿ) - 1944 ਮਈ 12
- ਭਾਵਨਾ (ਕਾਵਿ) - 1961
- ਸਾਧਨਾ - 2002
- ਅਰਾਧਨਾ (ਕਾਵਿ) – 2003
ਸਿਆਸੀ ਫੀਚਰ / ਲੇਖ
- ਸਿੱਖ ਜੱਦੋਜਹਿਦ - 1985 ਜਨਵਰੀ
- ਜਿੱਤਨਾਮਾ/ਦੂਜਾ (ਜ਼ਫ਼ਰਨਾਮਾ) ਜਿੱਤਨਾਮਾ- 1986 ਅਗਸਤ 20
- ਜੱਦੋਜਹਿਦ ਜਾਰੀ ਰਹੇ - 1987
- ਆਪਣਾ ਕੌਮੀ ਘਰ – 1992 ਅਪ੍ਰੈਲ
- ਹਾਲ ਮੁਰੀਦਾਂ ਦਾ – 1996 ਜੂਨ
- ਸਾਡੇ ਦੋਸਤ ਸਾਡੇ ਦੁਸ਼ਮਣ - 1996
- ਕੰਵਲ ਕਹਿੰਦਾ ਰਿਹਾ - 1998
- ਪੰਜਾਬ ਦਾ ਸੱਚ – 1999
- ਭਗਤੀ ਤੇ ਸ਼ਕਤੀ ਦਾ ਸੱਚ - 1999
- ਕੌਮੀ ਵਸੀਅਤ (ਪੰਜਾਬੀਆਂ ਦੇ ਈਮਾਨ ਦੀ ਪਰਖ) – 2003 ਜੁਲਾਈ
- ਸਚੁ ਕੀ ਬੇਲਾ – 2005 ਜੂਨ 30
- ਪੰਜਾਬੀਓ! ਜੀਣਾ ਹੈ ਕਿ ਮਰਨਾ - 2008
- ਕੌਮੀ ਲਲਕਾਰ – 2008
- ਪੰਜਾਬ! ਤੇਰਾ ਕੀ ਬਣੂੰ? - 2010
- ਰੁੜ੍ਹ ਚੱਲਿਆ ਪੰਜਾਬ - 2011
- ਪੰਜਾਬ ਦੀ ਵੰਗਾਰ - 2013
- ਪੰਜਾਬ ਦਾ ਹੱਕ ਸੱਚ – 2014
ਸਵੈ-ਜੀਵਨੀ / ਜੀਵਨ ਅਨੁਭਵ
- ਪੁੰਨਿਆਂ ਦਾ ਚਾਨਣ (ਜੀਵਨੀ)- 2007
- ਰੂਹ ਦੀਆਂ ਹੇਕਾਂ - 2015
- ਧੁਰ ਦਰਗਾਹ – 2017
ਬੱਚਿਆਂ ਤੇ ਗਭਰੂਟਾਂ ਲਈ
- ਹੁਨਰ ਦੀ ਜਿੱਤ (ਨਾਵਲ) - 1964
- ਜੰਗਲ ਦੇ ਸ਼ੇਰ (ਨਾਵਲ) – 1974 ਦਸੰਬਰ
- ਸੂਰਮੇ (ਨਾਵਲ) - 1978
- ਮੂਮਲ (ਨਾਵਲ) - 1983
- ਨਵਾਂ ਸੰਨਿਆਸ (ਨਾਵਲ) - 1993
- ਕਾਲਾ ਹੰਸ (ਨਾਵਲ) - 1995
- ਝੀਲ ਦੇ ਮੋਤੀ (ਨਾਵਲ) – 1995
- ਕੀੜੀ ਦਾ ਹੰਕਾਰ (ਕਹਾਣੀਆਂ)- 1996
ਅਨੁਵਾਦ ਕੀਤੀਆਂ
- ਦੇਵਦਾਸ – 1964 ਮਾਰਚ 14
- ਮਾਰਕਸੀ ਲੈਨਿਨੀ ਪੱਖ ਤੋਂ ਅਮਲ ਦੀ ਮਹੱਤਤਾ
(ਮਾਓ ਸੇ ਤੁੰਗ) ਅਨੁਵਾਦਕ ਰਣਧੀਰ ਸਿੰਘ, ਜਸਵੰਤ ਸਿੰਘ ਕੰਵਲ
ਰਚਨਾ ਸੰਗ੍ਰਹਿ
- ਮੇਰੀ ਪ੍ਰਤੀਨਿਧ ਰਚਨਾ - 1995
- ਜਸਵੰਤ ਸਿੰਘ ਕੰਵਲ ਦੇ ਨਾਵਲ (ਭਾਗ-1) - 1997
- ਜਸਵੰਤ ਸਿੰਘ ਕੰਵਲ ਦੇ ਨਾਵਲ (ਭਾਗ-2) - 1997
- ਜਸਵੰਤ ਸਿੰਘ ਕੰਵਲ ਦੇ ਨਾਵਲ (ਭਾਗ-3) - 1997
- ਜਸਵੰਤ ਸਿੰਘ ਕੰਵਲ ਦੇ ਨਾਵਲ (ਭਾਗ-4) - 1997
- ਖੂਨ ਕੇ ਸੋਹਿਲੇ ਗਾਵੀਅਹਿ ਨਾਨਕ (1 ਤੇ 2) - 1999 ਅਪ੍ਰੈਲ
- ਮੇਰੀਆਂ ਕਹਾਣੀਆਂ (ਭਾਗ-1) - 2005
- ਮੇਰੀਆਂ ਕਹਾਣੀਆਂ (ਭਾਗ-2) - 2005
- ਮੇਰੀਆਂ ਕਹਾਣੀਆਂ (ਭਾਗ-3) - 2006
- ਮੇਰੀਆਂ ਕਹਾਣੀਆਂ (ਭਾਗ-4) - 2006
- ਜਸਵੰਤ ਸਿੰਘ ਕੰਵਲ ਦੀਆਂ ਸ਼੍ਰੇਸ਼ਟ ਕਹਾਣੀਆਂ – 2010
ਅਨੁਵਾਦ ਹੋਈਆਂ
- मिलन (ਹਾਣੀ) हिंदी - 1976
- The other Zafarnamah English – 1987
- Dawn of the Blood English - 1990/2/1
- तोषाली की हंसो (डॉ.रणजीत कौर) हिंदी - 1996
- रूपमती (डॉ.रणजीत कौर) हिंदी - 1998
- मानवता हिंदी - 2012
- पूर्णमासी (कुलवंत सिंह कोछड) हिंदी
- दूसरा ज़फ़रनामा (हरीश जैन) हिंदी
- جسونت سنگھ کنول (Haani) ہانی شاہ مکھی
ਕੁੱਲ ਕਿਤਾਬਾਂ (101)-
- ਨਾਵਲ: 36
- ਕਹਾਣੀਆਂ : 12
- ਸਿਆਸੀ ਫੀਚਰ : 17
- ਰੇਖਾ ਚਿੱਤਰ : 5
- ਜੀਵਨ ਅਨੁਭਵ : 3
- ਵਾਰਤਕ, ਕਾਵਿ-ਸੰਗ੍ਰਹਿ :6
- ਰਚਨਾ ਸੰਗ੍ਰਹਿ: 11
- ਅਨੁਵਾਦ ਕੀਤੀਆਂ : 2
- ਅਨੁਵਾਦ ਹੋਈਆਂ: 9
ਮਾਣ-ਸਨਮਾਨ
ਕੰਵਲ ਨੇ ਆਪਣੇ ਨਾਵਲ 'ਤੋਸ਼ਾਲੀ ਦੀ ਹੰਸੋ' ਲਈ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਹਾਸਿਲ ਕੀਤਾ।