ਰਾਮ ਸਰੂਪ ਅਣਖੀ (28 ਅਗਸਤ 1932 - 14 ਫਰਵਰੀ 2010) ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ ਸੀ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਉੱਤੇ ਨਾਵਲਕਾਰ ਸੀ।
ਅਣਖੀ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਨ ਕੀਤਾ ਹੈ। 2009 ਵਿੱਚ ਇਸ ਨੂੰ ਕਰਤਾਰ ਸਿੰਘ ਧਾਲੀਵਾਲ ਸਨਮਾਨ ਸਮਾਰੋਹ ਵਿਖੇ ਸਰਬ ਸ਼੍ਰੇਸ਼ਠ ਸਾਹਿਤਕਾਰ ਇਨਾਮ ਨਾਲ ਸਨਮਾਨਿਆ ਗਿਆ ਸੀ।
ਮੁੱਢਲਾ ਜੀਵਨ
ਅਣਖੀ ਦਾ ਜਨਮ ਉਸ ਦੇ ਜੱਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ 28 ਅਗਸਤ 1932 ਨੂੰ ਹੋਇਆ। ਉਸ ਦਾ ਬਚਪਨ ਦਾ ਨਾਂ ਸਰੂਪ ਲਾਲ ਸੀ। ਚੌਥੀ ਜਮਾਤ ਤੱਕ ਉਹ ਆਪਣੇ ਪਿੰਡ ਹੀ ਪੜ੍ਹੇ ਅਤੇ ਪੰਜਵੀਂ ਹੰਡਿਆਇਆ ਤੋਂ ਕੀਤੀ ਅਤੇ ਦਸਵੀਂ ਬਰਨਾਲੇ ਤੋਂ। ਨੌਵੀਂ ਵਿੱਚ ਪੜ੍ਹਦਿਆਂ ਹੀ ਉਸ ਨੇ ਆਪਣੇ ਮਿੱਤਰਾਂ ਦੋਸਤਾਂ ਨਾਲ ਮਿਲ ਕੇ 'ਅਣਖੀ' ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ। ਇਹ ਰਸਾਲਾ ਤਾਂ ਕਦੇ ਵੀ ਨਾ ਛਪ ਸਕਿਆ, ਪਰ 'ਅਣਖੀ' ਉਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁੜ ਗਿਆ। ਦਸਵੀਂ ਤੋਂ ਪਿੱਛੋਂ ਉਹਨੇ ਮਹਿੰਦਰਾ ਕਾਲਜ ਪਟਿਆਲੇ ਦਾਖ਼ਲਾ ਲੈ ਲਿਆ। ਅਣਖੀ ਦੀ ਪਹਿਲੀ ਸ਼ਾਦੀ ਪੰਜਵੀਂ ਵਿੱਚ ਪੜ੍ਹਦਿਆਂ ਅਹਿਮਦਪੁਰ ਦੀ ਸੋਮਾ ਨਾਲ ਹੋਈ ਸੀ ਜੋ 1952 ਵਿਚ ਚਲਾਣਾ ਕਰ ਗਈ। ਦਸੰਬਰ 1954 ਵਿਚ ਉਹਦਾ ਦੂਜਾ ਵਿਆਹ ਭਾਗਵੰਤੀ ਨਾਲ ਹੋਇਆ, ਜਿਸ ਨੇ ਉਸ ਨਾਲ ਨਵੰਬਰ 1976 ਤੱਕ ਸਾਥ ਨਿਭਾਇਆ। ਪਰ ਬਰੇਨ ਟਿਊਮਰ ਨਾਲ ਮੌਤ ਹੋ ਗਈ।1977 ਵਿੱਚ ਉਹਨੇ ਆਪਣੀ ਇੱਕ ਮਰਾਠੀ ਪਾਠਕ ਸ਼ੋਭਾ ਪਾਟਿਲ ਨਾਲ ਅਜਮੇਰ, ਰਾਜਸਥਾਨ ਵਿਖੇ ਸ਼ਾਦੀ ਕਰ ਲਈ ਅਤੇ ਧੌਲੇ ਤੋਂ ਬਰਨਾਲੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। 1971 ਵਿੱਚ ਉਹਦੇ ਪਿਤਾ ਅਤੇ 1977 ਵਿਚ ਮਾਂ ਉਹਨੂੰ ਵਿਛੋੜਾ ਦੇ ਗਏ। 31 ਅਗਸਤ, 1990 ਨੂੰ ਉਹ ਕਰੀਬ 26 ਸਾਲ ਦੀ ਨੌਕਰੀ ਕਰਨ ਪਿੱਛੋਂ ਸੇਵਾ-ਮੁਕਤ ਹੋ ਗਿਆ। ਉਹਨੇ ਸਾਰੀ ਉਮਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦਾ ਵਿਸ਼ਾ ਪੜ੍ਹਾਇਆ, ਪਰ ਸਾਹਿਤ-ਸੇਵਾ ਉਹਨੇ ਪੰਜਾਬੀ ਦੀ ਕੀਤੀ।
ਸਾਹਿਤਕ ਸਫ਼ਰ
ਅਣਖੀ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ ਸੀ। ਪਹਿਲਾਂ-ਪਹਿਲਾਂ ਉਹਨੇ 'ਬਿਮਲ' ਅਤੇ 'ਮਾਰਕੰਡਾ' ਉਪਨਾਮਾਂ ਹੇਠ ਵੀ ਸ਼ਾਇਰੀ ਕੀਤੀ। ਦਸਵੀਂ ਤੋਂ ਪਿਛੋਂ ਉਹਨੇ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ 'ਲਲਕਾਰ' ਵਿੱਚ ਉਸਦੀਆਂ ਕਈ ਕਵਿਤਾਵਾਂ ਛਪੀਆਂ । ‘ਮਟਕ ਚਾਨਣਾ’ ਅਤੇ ‘ਕਣਕ ਦੀ ਕਹਾਣੀ’ ਕਾਵਿ-ਸੰਗ੍ਰਹਿ 1957-58 ਵਿਚ ਪ੍ਰਕਾਸ਼ਿਤ ਹੋਏ।1966 ਵਿਚ ਉਹਨੇ ਕਵਿਤਾ ਲਿਖਣੀ ਛੱਡ ਦਿੱਤੀ ਅਤੇ ਪਹਿਲਾ ਕਹਾਣੀ ਸੰਗ੍ਰਹਿ 'ਸੁੱਤਾ ਨਾਗ' ਇਸੇ ਸਾਲ ਪ੍ਰਕਾਸ਼ਿਤ ਹੋਇਆ। 1970 ਵਿਚ ਉਹਦਾ ਨਾਵਲ 'ਪਰਦਾ ਤੇ ਰੋਸ਼ਨੀ' ਛਪਿਆ।[6] ਇਸ ਤਰ੍ਹਾਂ ਕੁੱਲ ਪੰਜ ਕਾਵਿ-ਸੰਗ੍ਰਹਿ ਅਤੇ ਉਸ ਤੋਂ ਬਾਅਦ 250 ਤੋਂ ਵੱਧ ਕਹਾਣੀਆਂ ਲਿਖੀਆਂ, ਜਿਨ੍ਹਾਂ ਵਿੱਚੋਂ ਲਗਪਗ ਸੌ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋ ਕੇ ‘ਸਾਰਿਕਾ’ ਅਤੇ ‘ਧਰਮਯੁੱਗ’ ਵਰਗੀਆਂ ਉਸ ਵੇਲੇ ਦੀਆਂ ਹਿੰਦੀ ਪੱਤ੍ਰਿਕਾਵਾਂ ਵਿਚ ਛਪੀਆਂ। ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ, ਪਰ ਖਾਸ ਪਛਾਣ ਅਣਖੀ ਦੀ ਨਾਵਲਕਾਰ ਵਜੋਂ ਬਣੀ। ਪਹਿਲਾ ਨਾਵਲ 1970 ਵਿਚ ਛਪਿਆ। ਨਾਵਲ ‘ਕੋਠੇ ਖੜਕ ਸਿੰਘ’ ਲਈ 1987 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸ ਤੋਂ ਬਾਅਦ ਨਾਵਲ ‘ਪਰਤਾਪੀ’ ਵੀ ਖੂਬ ਚਰਚਿਤ ਰਿਹਾ। ਉਨ੍ਹਾਂ ਦੇ ਕਈ ਨਾਵਲ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਉਰਦੂ ਆਦਿ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਏ। 1993 ਤੋਂ ਤ੍ਰੈਮਾਸਕ ਪੱਤ੍ਰਿਕਾ ‘ਕਹਾਣੀ ਪੰਜਾਬ’ ਦਾ ਸੰਪਾਦਨ ਵੀ ਕਰ ਰਹੇ ਸਨ।
ਅਣਖੀ ਜੀ ਵਿਗਿਆਨਕ ਸੋਚ ਦੇ ਧਾਰਨੀ ਇਕ ਪ੍ਰਤੀਬੱਧ ਅਤੇ ਆਪਣੇ ਲੋਕਾਂ, ਆਪਣੀ ਮਿੱਟੀ ਨਾਲ ਜੁੜੇ ਸਾਹਿਤਕਾਰ ਸਨ। ‘ਆਪਣੀ ਮਿੱਟੀ ਦੇ ਰੁੱਖ’ ਪੁਸਤਕ ਵਿਚ ਦਰਜ ਆਪਣੀ ਅੰਤਿਮ ਇੱਛਾ ਉਹਨਾਂ ਦੀ ਵਿਗਿਆਨਕ ਸੋਚ ਦੀ ਧਾਰਨੀ ਹੈ ਜੋ ਕਿ ਇਹ ਹੈ। ਅਣਖੀ ਦੇ ‘ਸੁਲਗਦੀ ਰਾਤ’ ਨਾਵਲ ਨੂੰ 1979 ਦੀ ਸਰਵੋਤਮ ਗਲਪ ਚੇਤਨਾ ਮੰਨ ਕੇ ਭਾਸ਼ਾ ਵਿਭਾਗ ਨੇ ਸਨਮਾਨਤ ਕੀਤਾ ਸੀ।
ਅਣਖੀ ਨੇ ‘ਕਹਾਣੀ ਪੰਜਾਬ’ ਵੱਲੋਂ ਬਹੁ-ਭਾਸ਼ੀ ਕਹਾਣੀ ਗੋਸ਼ਠੀਆਂ ਦਾ ਇਕ ਨਿਰੰਤਰ ਸਿਲਸਿਲਾ ਚਲਾਇਆ ਹੋਇਆ ਸੀ ਤਾਂ ਕਿ ਪੰਜਾਬੀ ਦੇ ਨਵੇਂ ਕਹਾਣੀਕਾਰ ਹੋਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਦੇ ਸੰਪਰਕ ਵਿਚ ਆ ਕੇ ਕੁਝ ਸਿਖ ਸਕਣ। ਪੰਜਾਬੀ ਸਾਹਿਤਕਾਰਾਂ ਤੋਂ ਇਲਾਵਾ ਹਿੰਦੀ, ਉਰਦੂ, ਰਾਜਸਥਾਨੀ ਦੇ ਬਹੁਤ ਸਾਰੇ ਲੇਖਕਾਂ ਨੇ ਸਮੇਂ-ਸਮੇਂ ਇਨ੍ਹਾਂ ਗੋਸ਼ਠੀਆਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਅਕਤੂਬਰ 2009 ਵਿਚ ਹੋਈ ਸਤਾਰ੍ਹਵੀਂ ਤ੍ਰੈਭਾਸ਼ੀ ਕਹਾਣੀ ਗੋਸ਼ਠੀ ਵਿਚ ਹਿੰਦੀ, ਪੰਜਾਬੀ ਅਤੇ ਰਾਜਸਥਾਨੀ ਕਹਾਣੀਕਾਰਾਂ/ਆਲੋਚਕਾਂ ਨੇ ਭਾਗ ਲਿਆ ਸੀ। ਪੰਜਾਬੀ ਵਿਚ ਇਕੱਲੇ ਸਾਹਿਤਕਾਰ ਵੱਲੋਂ ਕੀਤਾ ਜਾਣ ਵਾਲਾ ਗੋਸ਼ਠੀਆਂ ਦਾ ਇਹ ਇਕੋ-ਇਕ ਵੱਡਾ ਤੇ ਅਨੋਖਾ ਆਯੋਜਨ ਹੈ।
ਮੌਤ
ਅਣਖੀ ਦੀ ਮੌਤ 14 ਫਰਵਰੀ 2010 ਨੂੰ ਹੋਈ।
ਸਾਰੀ ਜ਼ਿੰਦਗੀ ਕਿਸੇ ਪਰਾ ਸਰੀਰਕ ਸ਼ਕਤੀ ਵਿੱਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮਨੁੱਖ ਹੈ। ਮੈਂ ਆਪਣੇ ਸਕੇ-ਸਬੰਧੀਆਂ ਅਤੇ ਮਿੱਤਰਾਂ ਨੂੰ ਸੁਝਾਓ ਦਿੰਦਾ ਹਾਂ ਕਿ ਮੇਰੀ ਮੌਤ ਬਾਅਦ ਮੈਨੂੰ ਬਰਨਾਲੇ ਦੇ ਰਾਮ ਬਾਗ ਵਿੱਚ ਫੂਕ ਕੇ ਸੁਆਹ ਤੇ ਹੱਡੀਆਂ ਦੀ ਪੰਡ ਹਰੀਗੜ੍ਹ ਨਹਿਰ ਵਿੱਚ ਤਾਰ ਦਿੱਤੀ ਜਾਵੇ।… ਮੈਂ ਧਾਰਮਿਕ ਨਹੀਂ ਹਾਂ, ਮੇਰੀ ਮੌਤ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਤੀਜੇ ਦਿਨ ਹੀ ਜਾਂ ਸੱਤਵੇਂ ਦਿਨ ਸਾਡੇ ਘਰ ਜਾਂ ਹੋਰ ਕਿਸੇ ਸਥਾਨ ‘ਤੇ ਸਾਡੇ ਰਿਸ਼ਤੇਦਾਰ, ਮੇਰੇ ਮਿੱਤਰ, ਮੇਰੇ ਪਾਠਕ ਘੰਟੇ ਦੋ ਘੰਟਿਆਂ ਲਈ ਇਕੱਠੇ ਹੋਣ ਅਤੇ ਮੇਰੀਆਂ ਗੱਲਾਂ ਕਰਨ। ਮੇਰੇ ਲਈ ਇਹੋ ਸ਼ਰਧਾਂਜਲੀ ਹੋਵੇਗੀ।
ਵਿਸ਼ਾ
ਉਸ ਦੇ ਨਾਵਲਾਂ ਦਾ ਵਿਸ਼ਾ, ਪਾਤਰ ਅਤੇ ਤਮਾਮ ਤਾਣਾ-ਬਾਣਾ ਮਾਲਵੇ ਦੇ ਕੁਝ ਕੁ ਪਿੰਡਾਂ ਦੁਆਲੇ ਹੀ ਘੁੰਮਦਾ ਹੈ। ਇਸ ਵਿਚ ਮੁੱਖ ਤੌਰ ’ਤੇ ਪੂੰਜੀਵਾਦ ਦੀ ਮਾਰ ਹੇਠ ਆਈ ਹਰੇ ਇਨਕਲਾਬ ਤੋਂ ਬਾਅਦ ਦੀ ਕਿਸਾਨੀ, ਪੇਂਡੂ ਸਮਾਜ ਦੀ ਟੁੱਟ-ਭੱਜ ਅਤੇ ਰਿਸ਼ਤਿਆਂ ਵਿਚ ਆਏ ਨਿਘਾਰ ਨੂੰ ਬੜੀ ਸ਼ਿੱਦਤ ਨਾਲ ਚਿਤਰਿਆ ਗਿਆ ਹੈ। ਅਣਖੀ ਜੀ ਆਪਣੀਆਂ ਰਚਨਾਵਾਂ ਰਾਹੀਂ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਜੂਝਦੇ ਰਹੇ, ਭਾਵੇਂ ਉਹ ‘ਜ਼ਮੀਨਾਂ ਵਾਲੇ’, ‘ਸਲਫਾਸ’ ਨਾਵਲ ਹੋਣ ਜਾਂ ‘ਕਣਕਾਂ ਦਾ ਕਤਲੇਆਮ’। ਉਨ੍ਹਾਂ ਦੇ ਨਾਵਲ ‘ਜ਼ਮੀਨਾਂ ਵਾਲੇ’ ਵਿਚ ਜ਼ਮੀਨ ਦੀ ਹੈਂਕੜ ਹੀ ਮੌਜੂਦਾ ਸਮੇਂ ਵਿਚ ਜੱਟ ਨੂੰ ਲੈ ਡੁੱਬੀ ਕਿਉਂਕਿ ਇਹ ਯੁੱਗ ਹੱਥਾਂ ਦੀ ਕਿਰਤ ਕਰਨ ਵਾਲਿਆਂ ਦਾ ਹੈ। ‘ਬਸ ਹੋਰ ਨਹੀਂ’ ਵਿਚ ਮਰਦ-ਔਰਤ ਦੀ ਪਛਾਣ ਅਤੇ ਰਿਸ਼ਤੇ ਦਾ ਮਸਲਾ ਉਠਾਇਆ ਗਿਆ ਹੈ। ‘ਗੇਲੋ’ ਨਾਵਲ ਟੁੱਟ ਰਹੀ ਕਿਸਾਨੀ ਤੇ ‘ਕਣਕਾਂ ਦਾ ਕਤਲਾਮ’ ਪੰਜਾਬ ਦੇ ਭੱਖਦੇ ਜ਼ਮੀਨੀ ਮਸਲੇ ਬਾਰੇ ਹੈ। ਨਾਵਲ ‘ਭੀਮਾ’ ਵਿਚ ਬਿਹਾਰੀ ਖੇਤ-ਮਜ਼ਦੂਰ ਨੂੰ ਰਚਨਾ ਦਾ ਕੇਂਦਰ ਬਿੰਦੂ ਬਣਾਇਆ ਗਿਆ ਹੈ। ਉਨ੍ਹਾਂ ਦਾ ਆਖਰੀ ਨਾਵਲ ‘ਪਿੰਡ ਦੀ ਮਿੱਟੀ’ ਹੈ।