ਤੁਸੀਂ ਕਹਿੰਦੇ ਹੋ ਪਛੜਿਆ ਭਾਰਤ ਸੁਣ ਲੋ ਦੁਨੀਆਂ ਵਾਲਿਉ,
ਇੱਕ ਨੰਬਰ ਤੇ ਭਾਰਤ ਸਾਡਾ ਗ਼ਲਤ ਹੈ ਸੋਚ ਤੁਹਾਡੀ।
ਤੁਸੀਂ ਨਹੀਂ ਕਰ ਸਕਦੇ ਜਿਹੜੇ 'ਕਾਰਨਾਮੇ' ਅਸੀਂ ਕੀਤੇ,
ਕਰਕੇ ਅਸੀਂ ਦਿਖਾਉਂਦੇ ਹਾਂ ਨਹੀਂ ਐਂਵੈਂ ਮਾਰਦੇ ਪਾਡੀ।
ਸਵਿਸ ਬੈਂਕਾਂ ਵਿੱਚ ਸਭ ਤੋਂ ਵੱਧ ਸਾਡਾ ਹੀ ਸਰਮਾਇਆ,
ਪਹਿਲਾ ਨੰਬਰ ਲੈਣ ਲਈ ਕੀਤੀ ਅਸੀਂ 'ਮੁਸ਼ੱਕਤ' ਡਾਢੀ।
ਨਕਲ ਮਾਰਨ ਦੇ ਮਾਮਲੇ ਦੇ ਵਿੱਚ ਕੌਣ ਸਾਡੇ ਨਾਲ ਮਿੱਕੂ,
ਭ੍ਰਿਸ਼ਟਾਚਾਰ 'ਚ ਸਭ ਤੋਂ ਉੱਚੀ ਜੱਗ 'ਚ ਝੰਡੀ ਸਾਡੀ।
ਖਾਣ-ਪੀਣ ਦੇ ਖੇਤਰ ਵਿੱਚ ਵੀ ਅਸੀਂ ਹਾਂ ਖਾਨਦਾਨੀ,
ਤੰਬਾਕੂ,ਪੋਸਤ,ਗੁਟਖਾ ਖਾ ਕੇ ਅਸੀਂ ਬਣਾਈ ਬਾਡੀ।
ਖੇਡਾਂ ਦਾ ਹੈ ਮੌਸਮ ਆਉ ਖੇਡਾਂ ਦੀ ਗੱਲ ਕਰੀਏ,
ਖੇਡਾਂ ਖੇਡਣ ਵਿੱਚ ਵੀ ਦੁਨੀਆਂ ਸਾਡੇ ਨਾਲੋਂ ਫਾਡੀ।
ਰਾਜਨੀਤੀ ਦੀ ਖੇਡ 'ਚ ਨਾ ਕੋਈ ਸਾਡੇ ਜਿਹਾ ਖਿਡਾਰੀ,
ਵਿਰੋਧੀ ਧਿਰ ਨੂੰ ਕੁੱਟ ਦੇਈਏ ਜਿਓਂ ਢੱਡਾਂ ਕੁੱਟਦੇ ਢਾਡੀ।
ਤੁਸੀਂ ਤਾਂ ਖੇਡ ਮੈਦਾਨਾਂ ਵਿੱਚ ਹੀ ਖੇਡਾਂ ਖੇਡਣ ਗਿੱਝੇ,
ਅਸੀਂ ਤਾਂ ਸੰਸਦ ਵਿੱਚ ਵੀ ਖੇਡਦੇ ਦੇਖੋ ਕੌਡ ਕਬਾਡੀ।
ਵਹਾ ਕੇ ਖੂਨ ਪਸੀਨਾ ਤੁਸੀਂ ਤਾਂ ਮਸਾਂ ਮੈਚ ਕੋਈ ਜਿੱਤਦੇ,
ਖੇਡਾਂ ਤੋਂ ਦੋ ਮਹੀਨੇ ਪਹਿਲਾਂ ਜਿਤਿਆ ਸਾਡਾ ਕਲਮਾਡੀ।
ਭਲੂਰੀਆ' ਸਾਰੇ ਜਹਾਂ ਸੇ ਉੱਪਰ ਹਿੰਦੁਸਤਾਨ ਹਮਾਰਾ,
ਹੁਣ ਤੁਸੀਂ ਮੰਨੋ ਜਾਂ ਨਾ ਮੰਨੋ ਅੱਗੇ ਮਰਜੀ ਹੈ ਤੁਹਾਡੀ।
-ਜਸਬੀਰ ਭਲੂਰੀਆ