ਕਾਦਰ ਨੇ ਆਪਣੀ ਕਾਨਾਇਤ ਵਿੱਚ ਭਾਂਤ- ਭਾਂਤ ਦਾ ਚੋਗਾ ਖਿਲਾਰਿਆ ਹੋਇਆ ਹੈ ਤਾਂ ਕਿ ਹਰ ਜੀਵ ਆਪਣੀ-ਆਪਣੀ ਲੋੜ ਤੇ ਔਕਾਤ ਅਨੁਸਾਰ ਆਪਣਾ ਢਿੱਡ ਭਰ ਕੇ ਜੀਵਨ ਗੁਜ਼ਾਰਦਿਆਂ ਸੰਸਾਰਕ ਯਾਤਰਾ ਪੂਰੀ ਕਰ ਸਕੇ ਇਹ ਚੋਗਾ ਮਾਸਾਹਾਰੀ ਤੇ ਸਾਕਾਹਾਰੀ ਹੁੰਦਾ ਹੈ ਵੈਸੇ ਮਨੁੱਖ ਦੋਹਾਂ ਤਰ੍ਹਾਂ ਦੇ ਚੋਗੇ ਚੁਗਣ ਦਾ ਮਾਹਰ ਹੋਣ ਕਰਕੇ ਸਰਵ ਹਾਰੀ ਸ਼੍ਰੈਣੀ ਵਿੱਚ ਆਉਦਾ ਹੈ ਪਰ ਤਾਇਆ ਵੈਸ਼ਨੂ ਰਾਮ ਸਾਕਾਹਾਰੀਆਂ ਦੇ ਦਲੀਲ਼ਾਂ ਭਰੇ ਵਿਚਾਰਾਂ ਦਾ ਪੂਰਾ ਕਾਇਲ ਹੋਣ ਕਰਕੇ ਉਸ ਨੇ ਚੜ੍ਹਦੀ ਜਵਾਨੀ ਵਿੱਚ ਹੀ ਇਹ ਫੈਸਲਾ ਕਰ ਲਿਆ ਤੇ ਲਿਖ ਕੇ ਤਲੀ 'ਤੇ ਧਰ ਲਿਆ ਸੀ ਕਿ ਉਹ ਮਰਨੀ ਮਰ ਜਾਊ ਪਰ ਆਪਣੀ ਖੁਸ਼ੀ ਤੇ ਜੀਭ ਦੇ ਸਵਾਦ ਲਈ ਆਪਣੇ ਪੇਟ ਨ ਹੋਰਨਾਂ ਜੀਵਾਂ-ਜਾਨਵਰਾਂ ਦੀ ਨਾ ਕਬਰ ਅਤੇ ਨਾ ਹੀ ਚੌਦਵੇ ਰਤਨ ਜਾਨੀ 'ਪਾਗਲ ਵਾਟਰ ' ਦਾ ਟੈਕ ਬਣਨ ਦਏਗਾ ਜਦ ਵੀ ਕਿਤੇ ਕੋਈ ਖੁਸ਼ੀ ਭਰੇ ਸ਼ਗਨਾਂ-ਸਾਰਥਾਂ/ਵਿਆਹ-ਸ਼ਾਦੀ ਵਾਲੇ ਪ੍ਰੋਗਰਾਮ ਦਾ ਸੱਦਾ ਤਾਏ ਵੈਸ਼ਨੂ ਰਾਮ ਨੂੰ ਆਉਦਾ ਤਾਂ ਉਹ ਫੁੱਲਿਆ ਨਾ ਸਮਾਉਦਾ ਪਰ ਉਸ ਦੇ ਸੰਗੀ-ਸਾਥੀ ਉਸ ਨੂੰ ਟਿੱਚਰੀ ਮੂਡ ਵਿੱਚ ਆਖਦੇ, 'ਓ ਤਾਇਆ ਤੇਰਾ ਇਨ੍ਹਾਂ ਸਮਾਗਮਾਂ 'ਚ ਜਾਣਾ,ਕਾਹਦਾ ਜਾਣੈ,ਨਾ ਤੂੰ ਕੁਝ ਖਾਣਾ ਤੇ ਨਾ ਪੀਣਾ ਏਦੇ ਨਾਲੋ ਘਰੇ ਈ ਰਹੇ ਤਾਂ ਕਈ ਗੁਣਾ ਚੰਗੈਜਿਹੜਾ ਤੇਰੇ ਨਾਲ ਰਹੂ ਭੁੱਖਾ ਈ ਮਰੂ' ਤਾਇਆ ਅੱਗੋ ਇੱਟ ਦਾ ਜਵਾਬ ਪੱਥਰ 'ਚ ਦਿੰਦਾ ਹੋਇਆ ਪੁਰੇ ਦੀ ਹਵਾ ਵਾਂਗ ਛਿੜ ਪੈਦਾ,'ਓਏ! ਅਸੀ ਕੋਈ ਮੂੰਹ-ਖੁਰ ਆਏ ਹੋਏ ਆਂ ਕਿ ਸਾਡੇ ਸੰਘੋ ਹੇਠਾਂ ਕੁਝ ਨਹੀ ਲੰਘ ਸਕਣਾਉਥੇ ਤਾਂ ਵੰਨ-ਸੁਵੰਨੇ ਵੇਲ-ਬੂਟੀ (ਸਾਕਾਹਾਰੀ) ਖਾਣ-ਪੀਣ ਵੀ ਹੁੰਦੈ ਨਾਲੇ ਸਿਰਫ ਤੁਹਾਡਾ ਇਹ ਖਾਣ-ਪੀਣ ਜਾਨੀ ਆਹ, ਹੱਡਾ-ਰੋੜਾ ਈ ਅਸਲ ਖਾਣ-ਪੀਣ ਰਹਿ ਗਿਆ ਇਸ ਦੁਨੀਆਂ ਵਿੱਚ? ਉਏ! ਐ ਤਹਾਡੇ ਈ ਸੰਗੀ-ਸਾਥੀ ਨੇ ਜੋ ਹਫਤੇ ਦੇ ਇੱਕ-ਦੋ ਵਾਰਾਂ ਨੂੰ ਪੀਰਾਂ-ਫਕੀਰਾਂ,ਦੇਵੀ,ਦੇਵਤਿਆਂ ਦੇ ਦਿਨ ਮੰਨਦਿਆਂ ਇਨ੍ਹਾਂ ਦਿਨਾਂ ਵਿੱਚ ਰਾਖਸ਼ -ਖਾਣਾ (ਦਾਰੂ-ਮੁਰਗਾ) ਤਿਆਗ ਦਿੰਦੇ ਆ ਤੇ ਬਾਕੀ ਦਿਨਾਂ ਵਿੱਚ ਫਿਰ ਚੱਲ ਸੋ ਚੱਲਇਨ੍ਹਾਂ ਭਲੇ ਮਾਣਸਾ ਨੂੰ ਕੋਈ ਪੁੱਛਣ-ਗਿੱਛਣ ਵਾਲਾ ਹੋਵੇ ਕਿ ਅਗਲਾ-ਪਿਛਲਾ ਇਹ ਕੁਝ ਖਾਧਾ-ਪੀਤਾ ਕਿਹੜਾ ਢਿੱਡ ਵਿੱਚੋ ਨਿਕਲ ਗਿਐ ਹੁੰਦਾ ਤੇ ਨਾਲੇ ਬਾਕੀ ਦੇ ਦਿਨ ਕਿਹੜੇ ਰਾਖਸ਼ਾਂ ਦੇ ਹੁੰਦੇ ਐ ਕਿ ਜਿਨ੍ਹਾਂ ਦਿਨਾਂ ਵਿੱਚ ਤੁਸੀ ਢਿੱਡ ਨੂੰ ਚੌਦਵੇ ਰਤਨ ਦਾ ਟੈਕ ਤੇ ਜੀਵਾਂ ਦਾ ਕਬਰ ਸਤਾਨ ਬਣਾਉਣਾ ਈ ਬਣਾਉਣੈ ' ਜਦ ਤਾਇਆ ਵੀ ਟੋਹਰ ਸ਼ੋਹਰ ਮਾਰ ਕੇ ਵਿਆਹ-ਸ਼ਾਦੀਆਂ ਦੇ ਜਸ਼ਨਾਂ ਵਿੱਚ ਸ਼ਾਮਿਲ ਹੁੰਦਾ ਤਾਂ ਬਣੇ ਸਰਵਹਾਰੀ ਖਾਣੇ ਚੋ ਸਾਕਾਹਾਰੀ ਖਾਣਿਆਂ ਦੀ ਖੁਸ਼ਬੋ ਨੂੰ ਲੰਮੇ-ਲੰਮੇ ਸਾਹ ਖਿਚਦਾ ਤੇ ਮਨੋ-ਮਨੀ ਲੱਡੂ ਭੋਰਦਾ,'ਉਏ! ਅਸਾਂ ਕਿਹੜਾ ਕਿਸੇ ਨਾਲੋ ਸ਼ਗਨ ਘੱਟ ਦਿੱਤੈ ਸਾਡੀ ਵੀ ਹੋਰਨਾਂ ਵਾਂਗ ਸੇਵਾ-ਪਾਣੀ ਪੂਰੀ ਹੋਊ'ਇਸੇ ਆਸ ਨਾਲ ਉਹ ਵੀ ਟੇਬਲਾਂ ਦੁਆਲੇ ਬੈਠੈ ਯਾਰਾਂ ਦੋਸਤਾਂ ਵਿੱਚ ਸੱਜ -ਧੱਜ ਕੇ ਬੈਠ ਜਾਂਦਾ ਤੇ ਸੇਵਾ-ਪਾਣੀ ਦਾ ਦੌਰ ਸ਼ੁਰੂ ਹੋ ਜਾਂਦਾ ਜਦ ਬਹਿਰੇ ਖਾਣ-ਪੀਣ ਦਾ ਸਮਾਨ ਲੈ ਕੇ ਇਧਰ -ਉਧਰ ਘੁੰਮਣ ਲੱਗਦੇ ਪੈਦੇ ਤੇ ਤਾਏ ਹੋਰੀ ਬੁੱਲ੍ਹਾਂ'ਤੇ ਜ਼ਬਾਨ ਫੇਰਦੇ ਖੰਗੂੜਾ ਜਿਹਾ ਮਾਰ ਕੇ ਗਲਾ ਸਾਫ ਕਰਦਿਆਂ ਸੋਚਣ ਲੱਗਦੇ, 'ਲੈ ਬਈ ਵੈਸ਼ਨੂੰ-ਰਾਮਾ,ਹੁਣ ਲੱਗਣਗੇ ਖਾਣ-ਪੀਣ ਦੇ ਲੁੱਗੇ ਸੋ ਜਦ ਕੋਈ ਵੀ ਬਹਿਰਾ ਟੇਬਲ ਨੇੜੇ ਢੁੱਕਦਾ ਤਾਂ ਉਸ ਕੋਲ ਲੈਗ-ਪੈਗ ਦੀਆਂ ਹੀ ਟਰੇਆਂ ਚੁੱਕੀਆਂ ਹੁੰਦੀਆਂ ਤੇ ਇਸ ਦੇ ਸ਼ੌਕੀਨ ਠਾਹਕਾ ਮਾਰ ਕੇ ਸਭ ਕੁਝ ਚੁੱਕੀ ਜਾਂਦੇ ਪਰ ਤਾਇਆ ਵੈਸ਼ਨੂੰ ਰਾਮ ਮਾਯੂਸ ਜਿਹਾ ਹੋ ਕੇ ਨੱਕ ਘੁੱਟਦਾ ਹੋਇਆ ਬਿਟ- ਬਿਟ ਤੱਕਣ ਜੋਗਾ ਹੀ ਰਹਿ ਜਾਂਦਾ ਬਾਕੀ ਖਾਣੇ -ਦਾਣੇ (ਫਰੂਟ-ਚਾਟ, ਟਿੱਕੀਆਂ,ਗੋਲ-ਗੱਪਿਆਂ ਤੇ ਜੂਸ ਆਦਿ )ਵਾਲੇ ਬਹਿਰੇ ਬਾਈਪਾਸ ਈ ਔਰਤਾਂ ਦੀਆਂ ਸੀਟਾਂ ਵੱਲ ਹੋ ਤੁਰਦੇ ਤਾਇਆ ਵਿਚਾਰਾ ਉਨ੍ਹਾਂ ਨੂੰ ਬਥੇਰੇ ਇਸ਼ਾਰੇ ਕਰਦਾ ਪਰ ਬਹਿਰੇ ਸਮਝਦੇ ਕਿ ਇਹ ਕੋਈ ਮਕਰਾ ਸ਼ਰਾਬੀ ਹੋਣਾ, ਜੋ ਜਾਣ-ਬੁਝ ਕੇ ਸ਼ੈਨਤਾਂ ਮਾਰੀ ਜਾਂਦੈ ਆਖਰ ਵਿੱਚ ਉਠਣ ਦਾ ਵੇਲਾ ਹੁੰਦਾ ਤਾਂ ਤਾਏ ਦੇ ਮਸ਼ਕਰੀਏ ਯਾਰ ਫਿਰ ਆਣ ਛੇੜਦੇ,'ਓ ਤਾਇਆ ਅੱਜ ਨਿਕਲੀਆਂ ਹੋਣੀਆਂ ਨੇ ਕੁੱਖਾਂ ਫਿਰ, ਕਿ ਹਵਾ ਈ ਖਾਧੀ ਊ' ਪਰ ਭਰਿਆ ਪੀਤਾ ਤਾਇਆ ਹਰਖ ਜਾਂਦਾ ,'ਖੇਹ ਤੇ ਸੁਆਹ ਕੁੱਖਾਂ ਨਿਕਲੀਆਂ,ਸਾਡੇ ਢਿੱਡ ਵਿੱਚ ਤਾਂ ਭੁੱਖ ਦੀਆਂ ਸੁਨਾਮੀ ਲਹਿਰਾਂ ਬਣ-ਬਣ ਉਠ ਰਹੀਆਂ ਨੇ, ੳਏ! ਅਸੀ ਨਾ ਬੁੱਢੀਆਂ 'ਚ ਨਾ ਬੰਦਿਆਂ 'ਚ ਗਿਣੇ ਜਾਨੇ ਆਂ,ਪੈਲਸਾਂ-ਪੂਲਸਾਂ ਦੇ ਭਾੜੇ ਦੇ ਮੇਜ਼ਬਾਨਾਂ ਨੂੰ ਕੀ ਫਿਕਰ,ਕੋਈ ਭੁੱਖਾ ਰਹੇ ਤੇ ਕੋਈ ਰੱਜਿਆ ਜਾਵੇ,ਇਨ੍ਹਾਂ ਨੂੰ ਸਿਰਫ 'ਟਿੱਪ 'ਦਾ ਈ ਵਾਸਤਾ ਹੁੰਦਾ,ਜਿਹੜਾ ਦੇ ਦਿੰਦਾ ਉਸ ਦੇ ਦੁਆਲੇ ਫੁੰਮਣੀਆਂ ਪਾਈ ਜਾਂਦੇ ,ਬਾਕੀ ਖਾਣ ਖਸਮਾਂ ਨੂੰ ਤੇ ਪੈਣ ਢੱਠੇ ਖੂਹ 'ਚ ਇਨ੍ਹਾਂ ਨੂੰ ਕੀ ?' 'ਭਲਿਆਂ ਵੇਲੇ ਦੇ' ਸਭ ਪ੍ਰੋਗਰਾਮ ਘਰਾਂ ਵਿੱਚ ਹੀ ਹੁੰਦੇ ਸਨ ਤੇ ਮੇਜ਼ਬਾਨ ਘਰਾਂ ਨੂੰ ਹਰ ਆ ਗਏ ਦੇ ਖਾਣ-ਪੀਣ ਦਾ ਫਿਕਰ ਹੁੰਦਾ ਸੀ ਅਤੇ ਬੜੇ ਇੱਜ਼ਤ-ਮਾਣ ਨਾਲ ਪੁੱਛ ਪ੍ਰਤੀਤ ਕਰਿਆ ਕਰਦੇ ਸਨ ਪਰ ਹੁਣ ਘਰ ਵਾਲਿਆਂ ਵੀ ਨੂੰ ਡੀ।ਜੇ। ਦਾ ਸ਼ੋਰ ਸ਼ਰਾਬਾ ਹੀ ਕਮਲੇ-ਬੋਲੇ ਕਰੀ ਰੱਖਦੈ ਤੇ ਉਨ੍ਹਾਂ ਦਾ ਨੱਚਣ-ਟੱਪਣ ਤੋ ਹੀ ਵੇਹਲ ਨਹੀ ਹੁੰਦਾ ਤਾਂ ਫਿਰ ਸਾਡੀ ਸਾਰ ਕਿਸ ਨੇ ਲੈਣੀ ਆ' ਇਸ ਤਰ੍ਹਾਂ ਤਾਇਆ ਪਿਛਲੇ ਵੇਲਿਆਂ ਨੂੰ ਯਾਦ ਕਰਦਾ , ਝੂਰਦਾ ਤੇ ਐਨਕਾਂ ਨੂੰ ਸੰਭਾਲਦਾ ਹੋਇਆ ਖੂੰਡੀ ਫੜ ਕੇ ਪੈਲਸ ਚੋ ਬਾਹਰ ਨੂੰ ਹੋ ਤੁਰਦਾ
- ਲਖਵਿੰਦਰ ਸਿੰਘ ਰਈਆ ਹਵੇਲੀਆਣਾ