ਮੂੰਹ ਧੋਣ ਲਈ ਲਿਆਂਦਾ ਪਾਣੀ,
ਚਾਹ ਪਿਲਾਉਂਦੇ ਵਾਰੋ-ਵਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਨੂੰਹ ਪੁੱਤ ਨੂੰ ਅਵੱਲਾ ਕੰਮ ਥਿਆਇਆ
ਬੇਬੇ ਦਾ ਸੀ ਚੇਤਾ ਆਇਆ
ਜੀਹਨੂੰ ਸਭ ਨੇ ਸੀ ਠੁਕਰਾਇਆ
ਬੋਲਣ ਉਹੀ ਮਿੱਠਾ ਸੀ ਜਿੰਨ੍ਹਾਂ ਦੁਰਕਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਕੇਸੀ ਨਹਾ ਲੋ ਕਰੀਏ ਕੰਘੀ
ਧੋਈਏ ਤੇਰੀ ਬੋਅ ਮਾਰਦੀ ਮੰਜੀ
ਸਾਬਣ,ਪੋਡਰ,ਸੈਂਟ ਸੀ ਲਾਇਆ
ਬੁੜੀ ਜਾਂਦੀ ਮਹਿਕ ਖਿਲਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਖੰਗ ਨਾਲ ਸੀ ਖਊਂ-ਖਊਂ ਕਰਦੀ
ਥੁੱਕ-ਥੁੱਕ ਸੀ ਜੋ ਟੋਪੀਆਂ ਭਰਦੀ
ਅੱਜ ਨਾਂ ਕਿਸੇ ਨੂੰ ਲੱਗੇ ਭੈੜੀ
ਬੁੜੀ ਲੱਗੇ ਸਭ ਨੂੰ ਪਿਆਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਬੇਬੇ ਬੜਾ ਹੈਰਾਨ ਸੀ ਹੋਈ
ਲੱਗੇ ਅੱਜ ਮਹਿਮਾਨ ਸੀ ਕੋਈ
ਨਹਾ ਧੋ ਬਣਗੀ 18 ਸਾਲ ਦੀ
ਨਾਂ ਕੋਈ ਨੇੜੇ ਬਿਮਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਰਲ ਮਿਲ ਸਭ ਨੇ ਨੁਹਾਈ ਬੇਬੇ
ਸ਼ੀਸ਼ੇ ਵਾਂਗ ਚਮਕਾਈ ਬੇਬੇ
ਵੇਖਿਓ ਕਿਧਰੇ ਲੇਟ ਨਾਂ ਹੋਈਏ,
ਤਰੀਕ ਹੈ ਜੋ ਸਰਕਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਹੁਣ ਪੈਨਸ਼ਨ ਦਾ ਭੁਗਤਾਨ ਸੀ ਹੋਇਆ
ਬੇਬੇ ਨੂੰ ਚੱਕਣਾ ਅਹਿਸਾਨ ਸੀ ਹੋਇਆ
30 ਦਿਨਾਂ ਲਈ ਚਾਲਾਨ ਸੀ ਹੋਇਆ
ਬੁੱਢੜੀ ਕੈਸੀ ਦੱਦ ਲੱਗੀ ਐ,
ਪਈ ਮੰਜੀ ਤੇ ਮੂਧੀ ਮਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਸਾਧੂ ਪਲ ਦੋ ਪਲ ਦਾ ਸੀ ਇਹ ਮੇਲਾ
ਬੇਬੇ ਦੇ ਪੱਲੇ ਵੀ ਰਿਹਾ ਨਾਂ ਧੇਲਾ
ਲੰਗੇਆਣੀਆਂ ਸੱਚ ਆਖ ਸੁਣਾਇਆ
ਗੱਲ ਲੱਗੂ ਬੜੀ ਕਰਾਰੀ
ਬੇਬੇ ਜੀ ਪੈਨਸ਼ਨ ਮਿਲਣੀ ਐ
ਉੱਠ ਨਹਾ ਧੋ ਕਰੋ ਤਿਆਰੀ
ਲੇਖਕ:- ਡਾ:ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
Email: Dr.srlangiana@gmail.com
Mobile : +91 98781-17285