ਮਾਨਯੋਗ ਬਾਦਲ ਸਾਹਿਬ,
ਸੁਖਬੀਰ ਜੀ,
ਬੀਬਾ ਜੀ,
ਮਜੀਠੀਆ ਵੀਰ ਜੀ।
ਸਾਨੂੰ ਨਹੀਂ ਜੇ ਲੋੜ
ਮੈਟਰੋ ਦੀ।
ਵਲ੍ਹੇਟ ਲਉ ਪੁਲ
ਤੇ ਆਰ.ਉ.ਬੀ.।
ਕੀ ਕਰਾਂਗੇ
ਏ.ਸੀ. ਬੱਸ ਸਟੈਂਡ
ਸ਼ਹਿਰੋ ਸ਼ਹਿਰ ਹਵਾਈ ਅੱਡੇ ?
ਕਿਹੜੇ ਦਿਲ ਨਾਲ ਖੇਡਾਂਗੇ
ਕਬੱਡੀਆਂ ?
ਜੇ ਸਿਆਸੀ ਸਰਪ੍ਰਸਤੀ
ਵਾਲੇ ਗੁੰਡਿਆਂ ਨੇ
ਧੀਆਂ, ਭੈਣਾਂ ਹੀ
ਸੜਕਾਂ 'ਤੇ ਤੁਰਣ
ਜੋਗੀਆਂ ਨਾ ਛੱਡੀਆਂ।
ਕੀ ਕਰਾਂਗੇ,
ਜੇ ਸ਼ਿਕਾਇਤਾਂ ਕਰਨ 'ਤੇ ਵੀ
ਪੁਲਿਸ 'ਵਿਅਸਤ' ਰਹੀ।
ਤੇ ਥਾਣਿਆਂ
ਤੋਂ ਕੁਝ ਹੀ ਮੀਟਰਾਂ 'ਤੇ
ਹੁੰਦੀ ਗੁੰਡਾਗਰਦੀ
ਤੇ ਕਤਲੋਗਾਰਤ ਮੌਕੇ
ਪੁਲਿਸ ਲੱਭੀ ਹੀ ਨਾ,
'ਮਸਤ' ਗੁੰਡਿਆਂ ਦੇ ਕਹਿਣ 'ਤੇ
'ਮਸਤ' ਰਹੀ।
ਮੁਆਫ਼ ਕਰਨਾ!
ਬਾਦਲ ਸਾਹਿਬ ਦੇ ਦਿਲਾਸਿਆਂ
ਸੁਖਬੀਰ ਹੁਰਾਂ ਦੀਆਂ ਚੇਤਾਵਨੀਆਂ
ਬੀਬਾ ਜੀ ਦੀ ਚੁੱਪ
ਤੇ ਮਜੀਠੀਆ ਜੀ ਦੇ ਬਿਆਨਾਂ
ਨਾਲ
ਪੰਜਾਬੀਆਂ ਦੀਆਂ
ਦਾਅ 'ਤੇ ਲੱਗੀਆਂ ਇੱਜ਼ਤਾਂ
ਤੇ ਜਾਨ ਮਾਲ ਦਾ
ਬਚਾਅ ਨਹੀਂ ਹੁੰਦਾ ਦਿੱਸਦਾ।
ਹੁਣ ਤਾਂ
ਪੰਜਾਬ ਦੇ ਪਿੰਡੇ 'ਤੇ
ਵੇਖ਼ਦੇ ਹਾਂ ਹਰ ਰੋਜ਼
ਇਕ ਨਵਾਂ ਜ਼ਖ਼ਮ
ਤੇ
ਕੋਈ ਪੁਰਾਣਾ ਜ਼ਖ਼ਮ ਰਿਸਦਾ।
ਮਾਲਕੋ!
ਮੇਰੀ ਸਰਕਾਰ ਜੀ!
ਤੁਸੀਂ ਪਾਕਿਸਤਾਨੀਆਂ ਨਾਲ
ਕੀਤਾ ਵਾਇਦਾ ਪੁਗਾਉ,
ਸਾਡੀ ਫ਼ਿਕਰ ਨਾ ਕਰੋ।
ਜਿੰਨੀ ਵੀ ਹੋਵੇ 'ਸਰਪਲੱਸ' ਬਿਜਲੀ
ਬਾਰਡਰੋਂ ਪਾਰ ਭਿਜਵਾਉ।
ਪਰ ਰਾਜਿਉ ਇਸ ਸੂਬੇ ਦਿਉ,
ਜਿਊੁਣ ਜੋਗਿਉ!
ਵੱਡੇ ਵੱਡੇ ਦਾਅਵੇ,
ਉੱਚੇ ਉੱਚੇ ਵਾਅਦੇ
ਸੋਹਣੇ ਸੋਹਣ ਸੁਪਨੇ
ਅਜੇ ਨਾ ਵਿਖਾਉ,
ਪਹਿਲਾਂ
ਮੇਰੇ ਪੰਜਾਬ ਨੂੰ,
ਜਿਊਣ ਜੋਗਾ ਤਾਂ ਬਣਾਉ।
ਪਹਿਲਾਂ
ਮੇਰੇ ਪੰਜਾਬ ਨੂੰ
ਜਿਊਣ ਜੋਗਾ ਤਾਂ ਬਣਾਉ।
--ਐੱਚ.ਐੱਸ.ਬਾਵਾ