ਹੱਟੀ ਭਾਈਏ ਨੇ ਨਵੀਂ ਇਕ ਪਾਈ ।
ਅਸੀਂ ਦੋਵੇਂ ਬਣ ਗਏ ਹਲਵਾਈ ।
ਵੇਚਣ ਲਗੇ ਦੁਧ ਮਲਾਈ ।
ਪੂੜੀ ਪੂੜੇ ਤੇ ਮਠਿਆਈ ।
ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ ।
ਭਾਈਏ ਜੀ ਦੀ ਗੋਗੜ ਲਮਕੀ ।
ਲੋਕੀ ਦੁਧ ਵਿਚ ਪਾਣੀ ਪਾਂਦੇ ।
ਅਸੀਂ ਪਾਣੀ ਵਿਚ ਦੁਧ ਮਿਲਾਂਦੇ ।
ਚੋਖੀ ਹੋਵਣ ਲਗ ਪਈ ਖੱਟੀ ।
ਚਮਕਣ ਲਗ ਪਈ ਸਾਡੀ ਹੱਟੀ ।
ਜਿਸ ਦਿਨ ਭਾਈਆ ਪੂੜੇ ਤਲਦਾ ।
ਗਾਹਕਾਂ ਤਾਈਂ ਪਿਛੋਂ ਵਲਦਾ ।
ਆਪੋਂ ਖਾਂਦਾ ਚੋਂਦਾ ਚਾਂਦਾ ।
ਬਾਰਾਂ ਪੂੜੇ ਢਿਡ ਵਿਚ ਪਾਂਦਾ ।
ਕੁਝ ਨਾ ਕੁਝ ਉਹ ਕਰਦਾ ਰਹਿੰਦਾ ।
ਜਦ ਵੇਖਾਂ ਉਹ ਚਰਦਾ ਰਹਿੰਦਾ ।
ਉਹ ਉੱਠੇ ਤਾਂ ਮੈਂ ਆ ਬਹਿੰਦਾ ।
ਚਟ ਕਰ ਜਾਵਾਂ ਰਹਿੰਦਾ ਖਹਿੰਦਾ ।
ਅੱਠ ਵਟਾਂ ਦੋ ਜੇਹਬੇ ਪਾਵਾਂ ।
ਚੋਰੀ ਛਿਪੀ ਸਿਨਮੇ ਜਾਵਾਂ ।
ਜਿਸ ਵੇਲੇ ਮੈਂ ਖੋਆ ਬਣਾਂਦਾ ।
ਨਾਲੋ ਨਾਲੀ ਖਾਈ ਜਾਂਦਾ ।
ਦਾਅ ਲਗੇ ਆ ਭਾਬੋ ਵੜਦੀ ।
ਹੌਲੀ ਹੌਲੀ ਹੱਟੀ ਚੜ੍ਹਦੀ ।
ਭਾਈਆ ਜੇਕਰ ਅੱਖ ਭਵਾਵੇ ।
ਭਾਬੋ ਹੱਥ ਗੱਲੇ ਵਿਚ ਪਾਵੇ ।
ਜੋ ਕੁਝ ਲਭੇ ਮੁਠ ਵਿਚ ਪਾਂਦੀ ।
ਮਲਕਣੇ ਹੀ ਪਿਠ ਵਿਖਾਂਦੀ ।
ਖਾਲੀ ਮੂਲੀ ਹੋ ਗਈ ਹੱਟੀ ।
ਜੋ ਪੱਟੀ ਸੋ ਸਵਾਦਾਂ ਪੱਟੀ ।
ਅੰਦਰ ਬਹਿ ਕੇ ਭਾਈਆ ਰੋਇਆ ।
ਮੈਂ ਪੁਛਿਆ ਕੀ ਭਾਈਆ ਹੋਇਆ ।
ਆਖਣ ਲਗਾ ਗਏ ਹਾਂ ਪੱਟੇ ।
ਖਾਲੀ ਰਹਿ ਗਏ ਥਾਲ ਤੇ ਵੱਟੇ ।
ਇਹ ਹੈਰਿਤ ਹੈ ਸਾਨੂੰ ਡਾਢੀ ।
ਪੂੰਜੀ ਉਡ ਗਈ ਕਿਥੇ ਸਾਡੀ ।
ਕਰ ਰਹੇ ਸਾਂ ਤਿੰਨੋਂ ਜ਼ਾਰੀ ।
ਕਿਸੇ ਨੇ ਕੰਨ ਵਿਚ ਫੂਕ ਆ ਮਾਰੀ ।
ਜੜ੍ਹ ਆਪਨੀ ਸੋ ਪੁਟਣ ਵਾਲੇ ।
ਇਕ ਹੱਟੀ ਤਿੰਨ ਲੁਟਣ ਵਾਲੇ ।
ਅੰਨ੍ਹੀ ਪੀਹੈ ਤੇ ਕੁੱਤੀ ਚੱਟੈ ।
ਆਟਾ ਘੱਟੈ ਕਿ ਨਾ ਘੱਟੈ ।