ਮੈਂ ਕਿਹਾ ਕੀ ਸੋਚਦੇ ਹੋ ਯਾਰ, ਬੋਲੇ 'ਕੁਝ ਨਹੀਂ' ,
ਮੈਂ ਓਹਨਾਂ ਨੂੰ ਪੁੱਛਿਆ ਸੌ ਵਾਰ, ਬੋਲੇ 'ਕੁਝ ਨਹੀਂ' ,
ਮੈਂ ਕਿਹਾ ਮੇਰੀ ਤਰਾਂ ਤੜਪੇ ਕਦੀ ਹੋ ਰਾਤ-ਦਿਨ,
ਕੀ ਕਦੇ ਚੇਤੇ ਆਇਆ ਹੈ ਪਿਆਰ, ਬੋਲੇ 'ਕੁਝ ਨਹੀਂ' ,
'ਕੁੱਝ ਨਹੀਂ' ਦਾ ਅਰਥ ਮੈਂ ਕੀ ਸਮਝਾਂ, ਦੱਸੋਗੇ ਹੁਜ਼ੂਰ ?
ਮੇਰੇ ਮੂੰਹੋਂ ਇਹ ਸੁਣਦੇ ਸਾਰ ਬੋਲੇ 'ਕੁੱਝ ਨਹੀਂ' !
ਫਿਰ ਮਿਲਣ ਦਾ ਵਾਅਦਾ ਕੀ ਇੱਕ ਇਨਕਾਰ ਹੈ ?
ਸਿਰ ਹਿਲਾ ਕੇ ਕਰ ਗਏ ਇਨਕਾਰ, ਬੋਲੇ 'ਕੁਝ ਨਹੀਂ' !
ਰੋ ਪਏ ਫਿਰ ਹੱਸ ਪਏ, ਫਿਰ ਹੱਸ ਪਏ ਫਿਰ ਰੋ ਪਏ,
ਪੁੱਛਿਆ ਕਾਰਣ ਮੇਰੇ ਦਿਲਦਾਰ, ਬੋਲੇ 'ਕੁਝ ਨਹੀਂ' !
ਹੱਸਦੇ ਸਨ ਖੂਬ ਓਹ, ਤੱਕਦੇ ਵੀ ਮੇਰੇ ਵੱਲ੍ਹ ਰਹੇ,
ਪਰ ਓਹ 'ਰੌਸ਼ਨ' ਨਾਲ਼ ਜਾਂਦੀ ਵਾਰ ਬੋਲੇ 'ਕੁੱਝ ਨਹੀਂ'..!!
(ਗੁਰਦਿਆਲ ਰੌਸ਼ਨ)