ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।
ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ,
ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।
ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।