ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ‘ਤੇ ਨਿਸ਼ਾਨਾ ਹੈ
ਇਹ ਰਹਿਬਰ ਕੀ ਜਾਨਣ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ਼ ਦੀ ਮੰਜਿਲ ਤੇ ਪੁੱਜਦਾ ਦੀਵਾਨਾ ਹੈ
ਕੋਈ ਰਾਂਝਾ ਜਾਣ ਸਕੇ ਫ਼ਰਿਹਾਦ ਹੀ ਸਮਝ ਸਕੇ
ਕਿਉਂ ਬਲਦੀਆਂ ਲਾਟਾਂ ‘ਤੇ ਸੜਦਾ ਪਰਵਾਨਾ ਹੈ
ਕਿਆ ਇਸ਼ਕ਼ ਦੀ ਸ਼ਾਨ ਅੱਲ੍ਹਾ, ਇਹ ਇਸ਼ਕ਼ ਸੁਬਹਾਨ ਅੱਲ੍ਹਾ !
ਇਸ ਇਸ਼ਕ਼ ਬਿਨਾਂ ਲੋਕੋ ਕਿਆ ਖ਼ਾਕ ਜ਼ਮਾਨਾ ਹੈ ?
ਇਸ ਇਸ਼ਕ਼ ਦੀ ਹੱਟੀ ‘ਤੇ ਕੋਈ ਹੋਰ ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ
ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ਼ ਦੇ ਦਾਮਨ ਵਿਚ ਹਰ ਇਕ ਹੀ ਖ਼ਜ਼ਾਨਾ ਹੈ